-10.2 C
Toronto
Wednesday, January 28, 2026
spot_img
Homeਕੈਨੇਡਾਪੀਲ ਰਿਜਨ ਪੋਲੀਸ ਵੱਲੋਂ ਸਲਾਨਾ 17ਵਾਂ 'ਰੇਸ ਅਗੇਨਸਟ ਰੇਸਿਜ਼ਮ' ਈਵੈਂਟ ਮਿਸੀਸਾਗਾ ਵਿੱਚ...

ਪੀਲ ਰਿਜਨ ਪੋਲੀਸ ਵੱਲੋਂ ਸਲਾਨਾ 17ਵਾਂ ‘ਰੇਸ ਅਗੇਨਸਟ ਰੇਸਿਜ਼ਮ’ ਈਵੈਂਟ ਮਿਸੀਸਾਗਾ ਵਿੱਚ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ  : ਕੈਨੇਡਾ ਵਿੱਚ ਨਸਲੀ ਵਿਤਕਰੇ ਨੂੰ ਘਟਾਉਣ ਅਤੇ ਇਸ ਨੂੰ ਹੌਲੀ-ਹੌਲੀ ਖ਼ਤਮ ਕਰਨ ਲਈ ਪੀਲ ਰਿਜਨ ਪੋਲੀਸ ਪਿਛਲੇ ਸੋਲਾਂ ਸਾਲਾਂ ਤੋਂ ਲਗਾਤਾਰ ਆਪਣੇ ਸਲਾਨਾ ਈਵੈਂਟ ‘ਰੇਸ ਅਗੇਨਸਟ ਰੇਸਿਜ਼’ ਬੈਨਰ ਹੇਠ ਉੱਦਮ ਕਰਦੀ ਆ ਰਹੀ ਹੈ। ਇਸ ਵਿੱਚ ਬੱਚਿਆਂ ਅਤੇ ਨੌਜੁਆਨਾਂ ਦੇ ਵੱਖ-ਵੱਖ ਉਮਰ-ਵਰਗਾਂ ਦੇ ਰੇਸ-ਮੁਕਾਬਲੇ ਕਰਵਾਏ ਜਾਂਦੇ ਹਨ, ਬਜ਼ੁਰਗਾਂ ਦੀ ‘ਸ਼ੁਗਲੀਆ-ਦੌੜ’ ਵੀ ਕਰਵਾਈ ਜਾਂਦੀ ਹੈ ਜਿਸ ਵਿੱਚ ਲੋਕ ਪਰਿਵਾਰਾਂ ਸਮੇਤ ਸ਼ਾਮ ਹੋ ਕੇ ਖ਼ੂਬ ‘ਫ਼ੰਨ’ ਕਰਦੇ ਹਨ ਅਤੇ ਵੱਖ-ਵੱਖ ਕਲਾਕਾਰਾਂ ਵੱਲੋਂ ਨਾਚ-ਗਾਣਿਆਂ ਆਦਿ ਨਾਲ ਭਰਪੂਰ ਬਹੁ-ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਦਾ ਮਕਸਦ ਹਰ ਨਸਲ ਤੇ ਵਰਗ ਦੇ ਲੋਕਾਂ ਵਿੱਚ ਨਸਲੀ ਭੇਦ-ਭਾਵ ਨੂੰ ਖ਼ਤਮ ਕਰਨਾ ਹੈ। ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਨਸਲੀ ਭੇਦ-ਭਾਵ ਤੋਂ ਉੱਪਰ ਉੱਠ ਕੇ ਇਸ ਵਿੱਚ ਉਚੇਚੇ ਤੌਰ ‘ਤੇ ਸ਼ਾਮਲ ਹੁੰਦੇ ਹਨ। ਆਮ ਤੌਰ ‘ਤੇ ਇਹ ਈਵੈਂਟ ਹਰ ਸਾਲ ਪਹਿਲੇ ਜਾਂ ਦੂਸਰੇ ਐਤਵਾਰ ਮਨਾਇਆ ਜਾਂਦਾ ਹੈ।
ਇਸ ਵਾਰ ਇਹ ਈਵੈਂਟ ਲੰਘੇ ਹਫ਼ਤੇ 10 ਜੂਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਕਮਿਊਨਿਟੀਆਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਸਵੇਰੇ 10 ਵਜੇ ਤੋਂ ਹੀ ਲੋਕ ‘ਮਿਸੀਸਾਗਾ ਵੈਲੀ ਕਰੀਕ ਪਾਰਕ’ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਸ ਮੌਕੇ ਪੀਲ ਰਿਜਨ ਪੋਲੀਸ ਦੀ ਅਗਵਾਈ ਅਤੇ ਸੁਯੋਗ ਪ੍ਰਬੰਧ ਹੇਠ ਕਈ ਕਿਸਮ ਦੀਆਂ ਕਲਚਰਲ ਆਈਟਮਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿੱਚ ਇੱਕ ਐਕਸਪਰਟ ਸਾਊਥ ਅਫ਼ਰੀਕਨ ਢੋਲਚੀ ਦੀ ਅਗਵਾਈ ਹੇਠ ਬਹੁਤ ਸਾਰੇ ‘ਅਨਟ੍ਰੇਂਡ-ਢੋਲਚੀਆਂ’ ਦੀ ਲੈਅ-ਬੱਧ ਸਮੂਹਿਕ-ਤਾਲ, ਭਾਰਤੀ ਕਲਾਸੀਕਲ ਡਾਂਸ ਦੀਆਂ ਵੱਖ-ਵੱਖ ਵੰਨਗੀਆਂ, ਢੋਲ ਦੀ ਤਾਲ ‘ਤੇ ਨੌਜੁਆਨ ਲੜਕੇ ਅਤੇ ਲੜਕੀਆਂ ਵੱਲੋਂ ਕੀਤਾ ਗਿਆ ਡਾਂਸ ਤੇ ਭੰਗੜਾ ਖ਼ਾਸ ਖਿੱਚ ਪਾਉਣ ਵਾਲੇ ਸਨ। ਸਾਊਥ ਅਫ਼ਰੀਕਨ ਢੋਲਚੀ ਵੱਲੋਂ ਢੋਲ ਦੀ ਤਾਲ ਦੇ ਨਾਲ ਉਸ ਵੱਲੋਂ ਉਚਾਰਿਆ ਜਾ ਰਿਹਾ ‘ਬੱਲੇ-ਬੱਲੇ’ ਅਤੇ ਅਫ਼ਰੀਕਨ ਭਾਸ਼ਾਵਾਂ ਦੇ ਕਈ ਹੋਰ ਸ਼ਬਦ ਜੋ ਸਮਝ ਵਿੱਚ ਭਾਵੇਂ ਨਹੀਂ ਆ ਰਹੇ ਸਨ, ਪਰ ਢੋਲ-ਤਾਲ ਦੇ ਨਾਲ ਮੇਲ ਖਾ ਰਿਹਾ ਉਨ੍ਹਾਂ ਦਾ ਉਚਾਰਨ ਬਹੁਤ ਖ਼ੂਬਸੂਰਤ ਲੱਗ ਰਿਹਾ ਸੀ ਅਤੇ ਇਸ ਨੇ ਤਾਂ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਵੱਖ-ਵੱਖ ਕਮਿਊਨਿਟੀਆਂ ਦੇ ਬਹੁਤ ਸਾਰੇ ਕਲਾਕਾਰਾਂ ਵੱਲੋਂ ਗੀਤ-ਸੰਗੀਤ ਦੀਆਂ ਕਈ ਹੋਰ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਕਰਾਟੇ ਦੀ ਇੱਕ ਟੀਮ ਨੇ ਵੀ ਆਪਣੇ ਖ਼ੂਬ ਜੌਹਰ ਵਿਖਾਏ। ਬੱਚਿਆਂ ਦੀ ਮੌਕੇ ‘ਤੇ ਹੀ ਫੇਸ-ਪੇਂਟਿੰਗ ਕੀਤੀ ਜਾ ਰਹੀ ਸੀ ਅਤੇ ਕਾਰਟੂਨ ਬਣੇ ਹੋਏ ਬੱਚੇ ਬੜੇ ਸੋਹਣੇ ਲੱਗ ਰਹੇ ਸਨ।
ਫਿਰ ਵਾਰੀ ਆਈ ਇਸ ਈਵੈਂਟ ਦੀ ਅਸਲੀ ਆਈਟਮ ‘ਰੇਸ ਅਗੇਨਸਟ ਰੇਸਿਜ਼ਮ’ ਦੀ ਜਿਸ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਦੌੜਾਂ ਵਿੱਚ ‘ਮੇਲ ਸੀਨੀਅਰ ਵਰਗ’ ਵਿੱਚ ਊਧਮ ਸਿੰਘ ਬਰਾੜ ਤੇ ‘ਫੀਮੇਲ ਸੀਨੀਅਰ ਵਰਗ’ ਵਿੱਚ ਜੈਨੀ ਜ਼ਵਿੱਕਰ ਸਟੌਫ਼, ‘ਸਤਾਰਾਂ ਸਾਲ ਤੋਂ ਛੋਟੇ ਮੇਲ ਵਰਗ’ ਵਿੱਚੋਂ ਗੈਵਰੀਅਲ ਸ਼ਨਾਈਡਰ ਤੇ ਇਸ ‘ਫੀਮੇਲ ਵਰਗ’ ਵਿੱਚੋਂ ਨਵਜੀਤ ਕੌਰ ਹੋਠੀ ਅਤੇ ‘ਟੌਪ ਮੇਲ ਅਡੱਲਟਸ ਵਰਗ’ ਵਿੱਚ ਜਸਕੀਰਤ ਸਿੰਘ ਔਜਲਾ ਤੇ ‘ਟੌਪ ਫੀਮੇਲ ਵਰਗ’ ਵਿੱਚ ਜੇਨ ਵਾਂਗ ਅੱਵਲ ਰਹੇ। ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਨੂੰ ਸਰਟੀਫ਼ੀਕੇਟ ਅਤੇ ਕਈ ਕਿਸਮ ਦੇ ਇਨਾਮ ਦੇ ਕੇ ਨਿਵਾਜਿਆ ਗਿਆ।
ਪੀਲ ਰਿਜਨ ਪੋਲੀਸ ਦੇ ਉੱਚ-ਅਧਿਕਾਰੀ ਤੇ ਅਫ਼ਸਰ ਬੜੇ ਚਾਅ ਨਾਲ ਇਸ ਈਵੈਂਟ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਆਓ-ਭਗਤ ਕਰ ਰਹੇ ਸਨ। ਇਸ ਮੌਕੇ ਬਾਰ-ਬੀ-ਕਿਊ ਤੇ ਖਾਣ-ਪੀਣ ਦੀਆਂ ਹੋਰ ਵਸਤਾਂ ਦਾ ਪੀਲ ਪੋਲੀਸ ਵੱਲੋਂ ਬਹੁਤ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ‘ਕਰਾਊਨ ਇੰਮੀਗਰੇਸ਼ਨ’ ਦੇ ਰਾਜਪਾਲ ਸਿੰਘ ਹੋਠੀ ਵੱਲੋਂ ਕੀਤੀ ਗਈ ਇਸ ਈਵੈਂਟ ਦੀਆਂ ਮੁੱਖ ਆਈਟਮਾਂ ਦੀ ਫ਼ੋਟੋਗਰਾਫ਼ੀ ਕਮਾਲ ਦੀ ਰਹੀ। ਉਨ੍ਹਾਂ ਦੇ ਨਾਲ ਇੱਕ ਹੋਰ ਫ਼ੋਟੋਗ੍ਰਾਫ਼ਰ ਕ੍ਰਿਸ ਗਲਿਸਪੀ ਵੀ ਆਪਣਾ ਕੈਮਰਾ ਖ਼ੂਬ ਘੁਮਾ ਰਿਹਾ ਸੀ। ਕੁਲ ਮਿਲਾ ਕੇ ਪੀਲ ਰਿਜਨ ਪੋਲੀਸ ਵੱਲੋਂ ਆਯੋਜਿਤ ਕੀਤਾ ਗਿਆ ਇਹ ਈਵੈਂਟ ਆਪਣੀਆਂ ਖ਼ੂਬਸੂਰਤ ਯਾਦਾਂ ਛੱਡ ਗਿਆ।

RELATED ARTICLES
POPULAR POSTS