Breaking News
Home / ਕੈਨੇਡਾ / ਮੰਦਵਾੜੇ ਤੇ ਅਫੋਰਡੇਬਿਲਿਟੀ ਬਿੱਲ ਦੇ ਮੁੱਦੇ ਉੱਤੇ ਟਰੂਡੋ ਅਤੇ ਪੌਲੀਏਵਰ ਦਰਮਿਆਨ ਹੋਈ ਜੰਮ ਕੇ ਬਹਿਸ

ਮੰਦਵਾੜੇ ਤੇ ਅਫੋਰਡੇਬਿਲਿਟੀ ਬਿੱਲ ਦੇ ਮੁੱਦੇ ਉੱਤੇ ਟਰੂਡੋ ਅਤੇ ਪੌਲੀਏਵਰ ਦਰਮਿਆਨ ਹੋਈ ਜੰਮ ਕੇ ਬਹਿਸ

ਓਟਵਾ/ਬਿਊਰੋ ਨਿਊਜ਼ : ਸੰਭਾਵੀ ਮੰਦਵਾੜੇ ਤੇ ਮਹਿੰਗਾਈ ਨਾਲ ਫੈਡਰਲ ਸਰਕਾਰ ਵੱਲੋਂ ਕਿਸ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੈ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਦਰਮਿਆਨ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਚੰਗੀ ਬਹਿਸ ਹੋਈ। ਇਸ ਦੌਰਾਨ ਟਰੂਡੋ ਨੇ ਪੌਲੀਏਵਰ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਹਾਊਸਿੰਗ ਤੇ ਡੈਂਟਲ ਬੈਨੇਫਿਟਸ ਨੂੰ ਲਾਗੂ ਕਰਨ ਸਬੰਧੀ ਬਿੱਲ ਨੂੰ ਪੌਲੀਏਵਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੰਗਲਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਪੌਲੀਏਵਰ ਨੇ ਟਰੂਡੋ ਉੱਤੇ ਦੋਸ਼ ਲਾਇਆ ਕਿ ਉਹ ਪ੍ਰਸਤਾਵਿਤ ਅਫੋਰਡੇਬਿਲਿਟੀ ਬਿੱਲ ਤਹਿਤ ਘੱਟ ਆਮਦਨ ਵਾਲੇ ਰੈਂਟਰਜ਼ ਲਈ 500 ਡਾਲਰ ਦੀ ਮਦਦ ਦੇਣ ਦੀਆਂ ਫੜ੍ਹਾਂ ਮਾਰਦੇ ਨਹੀਂ ਥੱਕ ਰਹੇ ਜਦਕਿ ਅੱਜਕੱਲ੍ਹ ਐਨੇ ਕੁ ਪੈਸੇ ਨਾਲ ਤਾਂ ਤੁਸੀਂ ਘਰ ਦੇ ਪਿਛਲੇ ਹਿੱਸੇ ਵਿੱਚ ਡੌਗ ਹਾਊਸ ਵੀ ਰੈਂਟ ਨਹੀਂ ਕਰ ਸਕਦੇ। ਕਈ ਹੋਰ ਕੰਸਰਵੇਟਿਵ ਐਮਪੀਜ਼ ਨਾਲ ਪੌਲੀਏਵਰ ਨੇ ਵਾਰੀ ਵਾਰੀ ਕਾਰਬਨ ਟੈਕਸ ਵਿੱਚ ਹੋਰ ਵਾਧਾ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਖ਼ਤਮ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਆਖਿਆ ਕਿ ਸਰਦੀਆਂ ਵਿੱਚ ਕੈਨੇਡਾ ਵਿੱਚ ਘਰਾਂ ਨੂੰ ਨਿੱਘਾ ਰੱਖਣਾ ਕੋਈ ਲਗਜ਼ਰੀ ਨਹੀਂ ਹੈ ਤੇ ਫਿਰ ਵੀ ਪ੍ਰਧਾਨ ਮੰਤਰੀ ਇਸ ਪਿੱਛੇ ਲੋਕਾਂ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਜੇ ਤੀਹਰਾ ਟੈਕਸ ਲਾਉਣ ਦੀ ਆਪਣੀ ਯੋਜਨਾ ਤੋਂ ਟਰੂਡੋ ਪਿੱਛੇ ਨਹੀਂ ਹਟ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਸਿਆਲਾਂ ਵਿੱਚ ਘਰਾਂ ਨੂੰ ਨਿੱਘਾ ਰੱਖਣ ਦੇ ਟੈਕਸ ਵਿੱਚ ਤਾਂ ਲੋਕਾਂ ਨੂੰ ਛੋਟ ਦੇਣੀ ਚਾਹੀਦੀ ਹੈ। ਇਸ ਉੱਤੇ ਟਰੂਡੋ ਨੇ ਆਖਿਆ ਕਿ ਜੇ ਕੰਸਰਵੇਟਿਵਾਂ ਨੂੰ ਕੈਨੇਡੀਅਨਜ਼ ਦੀ ਅਫੋਰਡੇਬਿਲਿਟੀ ਦਾ ਐਨਾ ਹੀ ਖਿਆਲ ਹੈ ਤਾਂ ਉਹ ਬਿੱਲ ਸੀ-31 ਨੂੰ ਬਲਾਕ ਕਰਨ ਦੀ ਥਾਂ ਇਸ ਬਿੱਲ ਨੂੰ ਪਾਸ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ।

 

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …