Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਤੇ ਕੈਨੇਡੀਅਨ ਪੰਜਾਬੀ ਕੌਂਸਲ ਨੇ ਬਰਲਿੰਗਟਨ ‘ਚ ਕਰਵਾਇਆ ਕਵੀ-ਦਰਬਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਤੇ ਕੈਨੇਡੀਅਨ ਪੰਜਾਬੀ ਕੌਂਸਲ ਨੇ ਬਰਲਿੰਗਟਨ ‘ਚ ਕਰਵਾਇਆ ਕਵੀ-ਦਰਬਾਰ

ਭਾਰਤ ਤੋਂ ਆਏ ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ, ਅੰਜੁਮ ਲੁਧਿਆਣਵੀ ਤੇ ਵਰਿਆਮ ਮਸਤ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਗਿਆਰਾਂ ਸਾਲ ਤੋਂ ਸਰਗਰਮ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਅਤੇ ਬਰਲਿੰਗਟਨ ਵਿਚ ਨਵ-ਗਠਿਤ ਕੈਨੇਡੀਅਨ ਪੰਜਾਬੀ ਕੌਂਸਲ ਵੱਲੋਂ ਮਿਲ ਕੇ ਲੰਘੇ ਸ਼ਨੀਵਾਰ 15 ਅਕਤੂਬਰ ਨੂੰ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿੱਤ ਦੂਸਰਾ ਕਵੀ-ਦਰਬਾਰ ਬਰਲਿੰਗਟਨ ਵਿਖੇ ਕਰਵਾਇਆ ਗਿਆ। ਇਸ ਤੋਂ ਪਹਿਲਾਂ ਜੁਲਾਈ 2019 ਵਿਚ ਓਕਵਿਲ ਵਿਚ ਅਜਿਹਾ ਕਵੀ-ਦਰਬਾਰ ਕਰਵਾਇਆ ਗਿਆ ਸੀ। ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼-ਪੁਰਬ ਨੂੰ ਸਮੱਰਿਪਤ ਇਹ ਕਵੀ-ਦਰਬਾਰ ਸਮਾਗਮ ਬਰਲਿੰਗਟਨ ਦੇ 1377 ਵਾੱਕਰ ਲਾਈਨ ਸਥਿਤ ਫ਼ੈਲੋਸ਼ਿਪ ਹਾਲ ਵਿਚ ਬਾਅਦ ਦੁਪਹਿਰ 2.30 ਵਜੇ ਆਰੰਭ ਹੋਇਆ ਅਤੇ ਸ਼ਾਮ ਦੇ ਛੇ ਵਜੇ ਤੱਕ ਚੱਲਦਾ ਰਿਹਾ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਭਾਰਤ ਤੋਂ ਆਏ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ, ਅੰਜੁਮ ਲੁਧਿਆਣਵੀ ਤੇ ਵਰਿਆਮ ਮਸਤ ਦੇ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਕੈਨੇਡੀਅਨ ਪੰਜਾਬੀ ਕੌਂਸਲ ਵੱਲੋਂ ਡਾ. ਪਰਗਟ ਸਿੰਘ ਬੱਗਾ ਸੁਸ਼ੋਭਿਤ ਸਨ।
ਸਮਾਗਮ ਵਿਚ ਆਏ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਤਲਵਿੰਦਰ ਮੰਡ ਵੱਲੋਂ ਬਰੈਂਪਟਨ ਦੇ ਸੁਰੀਲੇ ਗਾਇਕ ਇਕਬਾਲ ਬਰਾੜ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਸਾਰੇ ਬ੍ਰਹਿਮੰਡ ਨੂੰ ਕਲਾਵੇ ਵਿਚ ਲੈਂਦੀ ਮਹਾਨ ਆਰਤੀ ‘ਗਗਨ ਮਹਿ ਥਾਲ ਰਵਿ ਚੰਦ ਦੀਪਕ ਬਨੇ’ ਨਾਲ ਕਰਵਾਈ ਗਈ। ਉਪਰੰਤ, ਉੱਘੇ ਵਿਦਵਾਨ ਪੂਰਨ ਸਿੰਘ ਪਾਂਧੀ ਵੱਲੋਂ ਗੁਰੂ ਸਾਹਿਬ ਦੇ ਮਹਾਨ ਉਪਦੇਸਾਂ ਅਤੇ ਉਨ੍ਹਾਂ ਦੀਆਂ ਮਨੁੱਖਤਾ ਦੇ ਲਈ ਅਨਮੋਲ ਸਿੱਖਿਆਵਾਂ ਬਾਰੇ ਬੜੇ ਭਾਵਪੂਰਤ ਸ਼ਬਦਾਂ ਵਿਚ ਚਾਨਣਾ ਪਾਇਆ ਗਿਆ। ਇਸ ਦੇ ਨਾਲ ਮੰਚ-ਸੰਚਾਲਕ ਵੱਲੋਂ ਸੱਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਕਿਹਾ ਗਿਆ ਅਤੇ ਫਿਰ ਵਾਰੋ-ਵਾਰੀ ਪੈਰਿਸ ਤੋਂ ਆਏ ਰਜਿੰਦਰ ਸਿੰਘ, ਲਹਿੰਦੇ ਪੰਜਾਬ ਦੇ ਮਸ਼ਹੂਰ ਵਕੀਲ ਸਮੀਉੱਲਾਹ ਖ਼ਾਨ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਾਬਕਾ ਪ੍ਰੋਫ਼ੈਸਰ ਆਸ਼ਿਕ ਰਹੀਲ, ਲਾਹੌਰ ਤੋਂ ਸ਼ਬਨਮ ਜ਼ਫ਼ਰ, ਬਰੈਂਪਟਨ ਤੋਂ ਜਗਮੋਹਨ ਸੰਘਾ, ਸੁਖਦੇਵ ਝੰਡ, ਉੱਘੇ ਗ਼ਜ਼ਲਗੋ ਭੁਪਿੰਦਰ ਦੁਲੇ, ਹਰਦਿਆਲ ਝੀਤਾ, ਮਹਿੰਦਰਪਾਲ ਸਿੰਘ, ਪਰਮਜੀਤ ਢਿੱਲੋਂ, ਸੰਜੀਵ ਕਾਫ਼ਿਰ, ਹੀਰਾ ਸਿੰਘ ਹੰਸਪਾਲ, ਪ੍ਰਿੰ. ਗਿਆਨ ਸਿੰਘ ਘਈ, ਗਿਆਨ ਸਿੰਘ ਦਰਦੀ, ਪ੍ਰਿਤਪਾਲ ਸਿੰਘ ਚੱਗਰ, ਈਸ਼ਰ ਸਿੰਘ, ਮੇਜਰ ਸਿੰਘ ਨਾਗਰਾ, ਰੂਬੀ ਕਰਤਾਰਪੁਰੀ, ਸੁੰਦਰਪਾਲ ਰਾਜਾਸਾਂਸੀ ਅਤੇ ਇਨ੍ਹਾਂ ਦੇ ਵਿਚਾਲੇ ਬਰਲਿੰਗਟਨ ਤੇ ਹੋਰ ਸ਼ਹਿਰਾਂ ਤੋਂ ਆਏ ਕਵੀ-ਕਵਿੱਤਰੀਆਂ ਜਰਨੈਲ ਮੱਲ੍ਹੀ, ਬਰਿੰਦਰਪਾਲ, ਅਜੀਤ ਹਿਰਖ਼ੀ, ਰਣਜੀਤ ਕੌਰ ਅਰੋੜਾ, ਰਾਜ ਗੁਪਤਾ, ਜਸਪਾਲ ਸਿੰਘ ਦਸੂਵੀ, ਨਿਰਵੈਰ ਸਿੰਘ ਅਰੋੜਾ, ਕੇਵਲ ਸਿੰਘ ਜੰਡੂ, ਨਿਰਮਲ ਜਸਵਾਲ ਤੇ ਕਈ ਹੋਰਨਾਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਸਾਂਝੀਆਂ ਕੀਤੀਆਂ। ਇਨ੍ਹਾਂ ਤੋਂ ਇਲਾਵਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਇਸ ਕਵੀ-ਦਰਬਾਰ ਦੀ ਗਿਣਾਤਮਿਕ ਤੇ ਗੁਣਾਤਮਿਕ ਪੱਖੋਂ ਭਾਰੀ ਸਫ਼ਲਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਪ੍ਰਧਾਨਗੀ-ਮੰਡਲ ਵਿਚੋਂ ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਪੰਜਾਬੀ ਵਿਚ ਲਿਖੀ ਜਾ ਰਹੀ ਗ਼ਜ਼ਲ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿੱਥੇ ਪਹਿਲੀ ਪੀੜ੍ਹੀ ਦੇ ਉਸਤਾਦ ਗ਼ਜ਼ਲਗੋਆਂ ਨੇ ਆਪਣੀਆਂ ਸ਼ਾਨਦਾਰ ਗ਼ਜ਼ਲਾਂ ਨਾਲ ਸਾਨੂੰ ਸਰਸ਼ਾਰ ਕੀਤਾ ਹੈ, ਉੱਥੇ ਅੱਜਕੱਲ੍ਹ ਕਈ ਨਵੇਂ ਗ਼ਜ਼ਲਗੋ ਵੀ ਬਹੁਤ ਵਧੀਆ ਗ਼ਜ਼ਲਾਂ ਲਿਖ ਰਹੇ ਹਨ। ਉਨ੍ਹਾਂ ਆਪਣੀਆਂ ਗ਼ਜ਼ਲਾਂ ਦੇ ਕਈ ਸ਼ਿਅਰ ਅਤੇ ਇਕ ਮਜ਼ਾਹੀਆ ਗ਼ਜ਼ਲ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਅੰਜੁਮ ਲੁਧਿਆਣਵੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਵਿਤਾ ਵਿਚ ਸੰਖੇਪਤਾ ਹੋਣੀ ਜ਼ਰੂਰੀ ਹੈ, ਕਿਉਂਕਿ ਲੰਮੀ ਕਵਿਤਾ ਨਾਲ ਸਰੋਤੇ ਉਕਤਾ ਜਾਂਦੇ ਹਨ। ਗ਼ਜ਼ਲ ਦੇ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਸਵਰਗਵਾਸੀ ਗਾਇਕ ਜਗਜੀਤ ਸਿੰਘ ਬਾਰੇ ਆਪਣੀ ਇਕ ਗ਼ਜ਼ਲ ਸੁਣਾਈ। ਵਰਿਆਮ ਮਸਤ ਨੇ ਨਾਟਕਕਾਰ ਬਲਵੰਤ ਗਾਰਗੀ, ਸ਼ਿਵ ਕੁਮਾਰ ਬਟਾਲਵੀ ਅਤੇ ਕਈ ਹੋਰ ਸਾਹਿਤਕਾਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਗ਼ਜ਼ਲ ਦੇ ਕੁਝ ਸ਼ਿਅਰ ਤਰੰਨਮ ਵਿਚ ਸੁਣਾਏ। ਕਰਨ ਅਜਾਇਬ ਸੰਘਾ ਨੇ ਆਪਣੀ ਕਵਿਤਾ ਵਿਚ ਗੁਰੂ ਨਾਨਕ ਦੇਵ ਜੀ ਦੇ ਬਾਰੇ ਅਜੋਕੇ ਵਿਚਾਰ ਪੇਸ਼ ਕੀਤੇ ਅਤੇ ਡਾ. ਪਰਗਟ ਸਿੰਘ ਬੱਗਾ ਨੇ ਆਪਣੀ ਕਵਿਤਾ ਵਿਚ ਦਸਤਾਰ ਦੀ ਮਹਾਨਤਾ ਨੂੰ ਬਾਖ਼ੂਬੀ ਦਰਸਾਇਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਮਾਗਮ ਦੇ ਸਮੂਹ ਬੁਲਾਰਿਆਂ ਅਤੇ ਆਏ ਮਹਿਮਾਨਾਂ ਦਾ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਹਾਰਦਿਕ ਧੰਨਵਾਦ ਕੀਤਾ ਗਿਆ। ਲੰਮਾਂ ਸਮਾਂ ਚੱਲੇ ਮੰਚ-ਸੰਚਾਲਨ ਦੀ ਅਹਿਮ ਜਿੰਮੇਵਾਰੀ ਨਿਭਾਉਣ ਵਿਚ ਪਰਮਜੀਤ ਢਿੱਲੋਂ ਵੱਲੋਂ ਤਲਵਿੰਦਰ ਮੰਡ ਦਾ ਬਾਖ਼ੂਬੀ ਸਾਥ ਦਿੱਤਾ ਗਿਆ।
ਸਮਾਗਮ ਵਿਚ ਜਿੱਥੇ ਬਰੈਂਪਟਨ ਤੋਂ ਵੱਡੀ ਗਿਣਤੀ ਵਿਚ ਕਵੀ, ਗਾਇਕ ਅਤੇ ਸਾਹਿਤ-ਪ੍ਰੇਮੀ ਪਹੁੰਚੇ, ਉੱਥੇ ਬਰਲਿੰਗਟਨ ਦੇ ਸਥਾਨਕ ਕਵੀਆਂ ਤੇ ਨਿਵਾਸੀਆਂ ਤੋਂ ਇਲਾਵਾ ਮਿਸੀਸਾਗਾ, ਹੈਮਿਲਟਨ, ਓਕਵਿਲ ਅਤੇ ਨਿਆਗਰਾ, ਆਦਿ ਤੋਂ ਵੀ ਕਵੀ ਅਤੇ ਸਰੋਤੇ ਹਾਜ਼ਰ ਸਨ। ਸਾਰਿਆਂ ਦੇ ਇੱਥੇ ਨਾਂ ਲਿਖਣੇ ਸੰਭਵ ਨਹੀਂ ਹਨ ਪਰ ਫਿਰ ਵੀ ਬਰੈਂਪਟਨ ਤੋਂ ਉਚੇਚੇ ਤੌਰ ‘ਤੇ ਆਏ ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਪ੍ਰੋ. ਰਾਮ ਸਿੰਘ, ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਉੱਘੇ ਸਮਾਜ-ਸੇਵੀ ਗੁਰਦੇਵ ਸਿੰਘ ਮਾਨ, ਬਰਲਿੰਗਟਨ ਖ਼ੇਤਰ ਵਿਚ ‘ਕੁਕੰਬਰ-ਕਿੰਗ’ ਵਜੋਂ ਜਾਣੇ ਜਾਂਦੇ ਡਾ. ਬੱਗਾ ਦੇ ਖ਼ਾਸ ਦੋਸਤ ਪਰਮਜੀਤ ਸਿੰਘ ਮਿਨਹਾਸ, ਕੈਪਟਨ ਬਲਬੀਰ ਸਿੰਘ ਭੱਟੀ, ਗੁਰਿੰਦਰ ਸਿੰਘ ਮੱਲ੍ਹੀ, ਰਿਆਲਟਰ ਇੰਦਰਜੀਤ ਸਿੰਘ ਸੋਹਲ, ‘ਵੀਟੋ ਪੀਜ਼ਾ’ ਦੇ ਜਸਵਿੰਦਰ ਸਿੰਘ (ਓਕਵਿਲ) ਅਤੇ ਨਿਆਗਰਾ ਫ਼ਾਲਜ਼ ਵਿਚ ‘ਹੋਲੀਡੇਅ ਇੰਨ’ ਦੇ ਮਾਲਕ ਜੋਗਾ ਸਿੰਘ ਬੱਸੀ ਦਾ ਜ਼ਿਕਰ ਕਰਨਾ ਜ਼ਰੂਰੀ ਹੈ।
ਸਮਾਗ਼ਮ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਡਾ. ਪਰਗਟ ਸਿੰਘ ਬੱਗਾ (905-531-8901), ਜਰਨੈਲ ਸਿੰਘ ਮੱਲ੍ਹੀ (905-399-7799) ਜਾਂ ਤਲਵਿੰਦਰ ਸਿੰਘ ਮੰਡ (416-904-3500) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …