
ਪੰਜਾਬ ਵਿਚ ਉਠਣ ਲੱਗੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵਿਚ ਇਕ ਵੱਡਾ ਪ੍ਰਸ਼ਾਸਕੀ ਫੈਸਲਾ ਲੈਂਦਿਆਂ ਹਰਿਆਣਾ ਦੇ ਸੀਨੀਅਰ ਇੰਜੀਨੀਅਰ ਬੀ.ਐਸ. ਨਾਰਾ ਨੂੰ ਮੈਂਬਰ (ਸਿੰਚਾਈ) ਦੇ ਅਹੁਦੇ ਦਾ ਵਾਧੂ ਚਾਰਜ ਛੇ ਮਹੀਨਿਆਂ ਲਈ ਦਿੱਤਾ ਹੈ। ਇਹ ਨਿਯੁਕਤੀ ਬਿਜਲੀ ਮੰਤਰਾਲੇ ਦੀ ਤਜਵੀਜ਼ ’ਤੇ ਕੀਤੀ ਗਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਮੁੱਦੇ ’ਤੇ ਚੱਲ ਰਹੇ ਤਕਰਾਰ ਦੌਰਾਨ ਕੀਤੀ ਗਈ ਇਸ ਨਿਯੁਕਤੀ ’ਤੇ ਪੰਜਾਬ ਵਿਚ ਕਿੰਤੂ ਪਰੰਤੂ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਭਾਖੜਾ ਦੇ ਰਿਜ਼ਰਵ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਪਿਛਲੇ ਮਹੀਨੇ ਤੋਂ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਹੁਣ ਹਾਈਕੋਰਟ ਤੱਕ ਪਹੁੰਚ ਗਿਆ ਹੈ। ਪੰਜਾਬ ਸਰਕਾਰ ਵਲੋਂ ਹਾਈਕੋਰਟ ਵਿਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਲੰਘੇ ਕੱਲ੍ਹ 26 ਮਈ ਨੂੰ ਸੁਣਵਾਈ ਵੀ ਹੋਈ ਸੀ ਅਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ।