20 C
Toronto
Tuesday, September 16, 2025
spot_img
Homeਪੰਜਾਬਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਹੋਣ ਲੱਗਾ ਸਫ਼ਾਇਆ

ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਹੋਣ ਲੱਗਾ ਸਫ਼ਾਇਆ

ਨਗਰ ਨਿਗਮ ਚੋਣਾਂ ਦੇ ਨਤੀਜੇ ਦੇਖ ਕੇ ਘੁੱਗੀ, ਗਾਂਧੀ ਤੇ ਛੋਟੇਪੁਰ ਦਾ ਮਨ ਰੋਇਆ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਆਪ ਵਿੱਚੋਂ ਛਾਂਗੇ ਸੂਬਾਈ ਕਨਵੀਨਰਾਂ ਗੁਰਪ੍ਰੀਤ ਸਿੰਘ ਘੁੱਗੀ, ਸੁੱਚਾ ਸਿੰਘ ਛੋਟੇਪੁਰ ਤੇ ਪਾਰਟੀ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਨਿਗਮ ਚੋਣਾਂ ਦੇ ਨਤੀਜੇ ਸੁਣ ਕੇ ਉਨ੍ਹਾਂ ਦਾ ਮਨ ਰੋਇਆ ਹੈ।
ਤਿੰਨਾਂ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਦਲ ਤੇ ਕਾਂਗਰਸ ਤੋਂ ਛੁਟਕਾਰਾ ਪਾਉਣ ਲਈ ‘ਆਪ’ ਵੱਲੋਂ ਉਲੀਕੇ ਕ੍ਰਾਂਤੀਕਾਰੀ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਦੇ ਸਿਆਸੀ ਪਿੜ ਵਿੱਚ ਨਿੱਤਰੇ ਸਨ, ਪਰ ਦਿੱਲੀ ਦੀ ਲੀਡਰਸ਼ਿਪ ਨੇ ਆਪਣੀ ਵਿਚਾਰਧਾਰਾ ਤੋਂ ਭਟਕ ਕੇ ਜਿੱਥੇ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ, ਉਥੇ ਪੰਜਾਬੀਆਂ ਵੱਲੋਂ ਆਪਣੇ ਮਨ ਵਿੱਚ ਉਸਾਰੀ ਇਨਕਲਾਬੀ ਸੋਚ ਦਾ ਵੀ ਘਾਣ ਕਰ ਦਿੱਤਾ ਹੈ।
ਘੁੱਗੀ ਨੇ ਕਿਹਾ ਕਿ ਉਸ ਨੇ ਪਾਰਟੀ ਲਈ ਜਾਨ ਲਾ ਦਿੱਤੀ ਸੀ, ਪਰ ਲੀਡਰਸ਼ਿਪ ਦੇ ਹੰਕਾਰ, ਨਲਾਇਕੀ ਤੇ ਵਾਲੰਟੀਅਰਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਿਰਤੀ ਨੇ ਪਾਰਟੀ ਨੂੰ ਅਰਸ਼ ਤੋਂ ਫਰਸ਼ ‘ਤੇ ਲੈ ਆਂਦਾ ਹੈ ਕਿਉਂਕਿ ਕਿਸੇ ਵੇਲੇ ਪੰਜਾਬ ਵਿੱਚ ਇੱਕੋ ਆਵਾਜ਼ ਸੀ ਕਿ ਇਸ ਵਾਰ ਸਿਰਫ਼ ‘ਆਪ’ ਜਿੱਤੇਗੀ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਲੀਡਰਸ਼ਿਪ ਨੇ ਆਪਣੀਆਂ ਗ਼ਲਤੀਆਂ ਨੂੰ ਮੰਨਿਆ ਨਹੀਂ, ਜਦੋਂਕਿ ਰਵਾਇਤੀ ਪਾਰਟੀਆਂ ਨੇ ‘ਆਪ’ ਦੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਆਮ ਆਦਮੀ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਹਾਰ ਤੋਂ ਬਾਅਦ ਕਾਂਗਰਸ ਸਰਕਾਰ ‘ਤੇ ਦੋਸ਼ ਲਾ ਕੇ ਆਪਣੀਆਂ ਗ਼ਲਤੀਆਂ ‘ਤੇ ਪਰਦਾ ਪਾਉਣ ਦਾ ਅਸਫ਼ਲ ਯਤਨ ਕਰ ਰਹੀ ਹੈ।
ਸੰਸਦ ਮੈਂਬਰ ਡਾ. ਗਾਂਧੀ ਨੇ ਭਰੇ ਮਨ ਨਾਲ ਕਿਹਾ ਕਿ ਪੰਜਾਬੀਆਂ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੀ ‘ਆਪ’ ਨੂੰ ਫਤਵਾ ਦੇ ਦਿੱਤਾ ਸੀ, ਪਰ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬੀਆਂ ਨੂੰ ਭੇਡਾਂ-ਬੱਕਰੀਆਂ ਵਾਂਗ ਵਰਤ ਕੇ ਖ਼ੁਦ ਹੀ ਪਾਰਟੀ ਨੂੰ ਹਾਰ ਦੇ ਰਾਹ ਪਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਨੇ ਆਪਣੀ ਵਿਚਾਰਧਾਰਾ ਛੱਡ ਕੇ ਜਦੋਂ ਸੱਤਾ ਦਾ ‘ਲੁਤਫ’ ਲੈਣ ਲਈ ਵਾਲੰਟੀਅਰਾਂ ਦੀ ਥਾਂ ਹੋਰ ਸਿਆਸੀ ਪਾਰਟੀਆਂ ਦੇ ਦਾਗ਼ੀ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਭੇਤਭਰੇ ਢੰਗ ਨਾਲ ਟਿਕਟਾਂ ਦਿੱਤੀਆਂ ਸਨ ਤਾਂ ਉਸ ਵੇਲੇ ਹੀ ਪੰਜਾਬੀਆਂ ਨੂੰ ਪਾਰਟੀ ਦੀ ਲੀਡਰਸ਼ਿਪ ਅੰਦਰਲੀ ਖੋਟ ਨਜ਼ਰ ਆ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ‘ਆਪ’ ਦਾ ਸੱਚ ਪਛਾਣ ਗਏ ਹਨ ਤੇ ਇਸ ਪਾਰਟੀ ਦਾ ਵਜੂਦ ਖ਼ਤਮ ਹੋਣ ਕਿਨਾਰੇ ਹੈ।
ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ‘ਆਪ’ ਦੇ ਪਲੇਟਫਾਰਮ ਤੋਂ ਪੰਜਾਬੀਆਂ ਨੂੰ ਕ੍ਰਾਂਤੀ ਲਿਆਉਣ ਦੇ ਸੁਪਨੇ ਦਿਖਾਏ ਗਏ ਸਨ, ਪਰ ਜਦੋਂ ਲੋਕਾਂ ਨੂੰ ਇਸ ਦੀ ਅਸਲੀਅਤ ਪਤਾ ਲੱਗੀ ਤਾਂ ਉਨ੍ਹਾਂ ਦਾ ਮਨ ਟੁੱਟ ਗਿਆ, ਜਿਸ ਕਾਰਨ ਪੰਜਾਬੀ ਹਰੇਕ ਚੋਣ ਵਿੱਚ ‘ਆਪ’ ਨੂੰ ਨਕਾਰਦੇ ਆ ਰਹੇ ਹਨ।
ਛੋਟੇਪੁਰ ਨੇ ਕਿਹਾ ਕਿ ‘ਆਪ’ ਦੀ ਸਿਖਰਲੀ ਲੀਡਰਸ਼ਿਪ ਦੀ ਹਊਮੈ ਤੇ ਭ੍ਰਿਸ਼ਟ ਸੋਚ ਨੇ ਰਵਾਇਤੀ ਪਾਰਟੀਆਂ ਨੂੰ ਮੁੜ ਜਿਊਂਦਾ ਕਰ ਦਿੱਤਾ ਹੈ, ਜਦੋਂਕਿ ਲੋਕ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਤੇ ਕਾਂਗਰਸ ਤੋਂ ਖਹਿੜਾ ਛੁਡਾਉਣ ਲਈ ਪੂਰੀ ਤਰ੍ਹਾਂ ਤਿਆਰ ਸਨ। ਨਿਗਮ ਚੋਣਾਂ ਵਿੱਚੋਂ ‘ਆਪ’ ਦੀ ਹੋਈ ਹਾਰ ਕਾਰਨ ਪਾਰਟੀ ਦੀ ਹੇਠਲੀ ਲੀਡਰਸ਼ਿਪ ਵਿੱਚ ਜਿੱਥੇ ਨਿਰਾਸ਼ਾ ਦਾ ਆਲਮ ਹੈ, ਉਥੇ ਸੂਬਾਈ ਲੀਡਰਸ਼ਿਪ ਵੱਲ ਵੀ ਉਂਗਲਾਂ ਉਠ ਰਹੀਆਂ ਹਨ।
ਸੂਤਰਾਂ ਅਨੁਸਾਰ ਨਿਗਮ ਚੋਣਾਂ ਦੌਰਾਨ ਜਿੱਥੇ ਸੂਬਾਈ ਲੀਡਰਸ਼ਿਪ ਨੇ ਟਿਕਟਾਂ ਦੀ ਵੰਡ ਤੇ ਚੋਣ ਪ੍ਰਚਾਰ ਦੌਰਾਨ ਰਸਮੀ ਕਾਰਵਾਈ ਕੀਤੀ ਸੀ, ਉਥੇ ਚੋਣਾਂ ਲਈ ਲੋੜੀਂਦੇ ਫੰਡਾਂ ਦਾ ਵੀ ਪ੍ਰਬੰਧ ਨਹੀਂ ਕੀਤਾ।
ਇਸ ਕਾਰਨ ‘ਆਪ’ ਦੇ ਉਮੀਦਵਾਰ ਲਾਵਾਰਸਾਂ ਵਾਂਗ ਭਟਕਦੇ ਰਹੇ। ਦੱਸਣਯੋਗ ਹੈ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਕਾਰਨ ਉਨ੍ਹਾਂ ਨੂੰ ਨਿਗਮ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਵਿਧਾਇਕਾਂ ਦਾ ਅਗਲਾ ਡੇਰਾ ਰਾਹੁਲ ਦਰਬਾਰ
ਪੰਜਾਬ ਮੰਤਰੀ ਮੰਡਲ ਵਾਧੇ ਦੇ ਐਲਾਨ ਤੋਂ ਬਾਅਦ ਕਈ ਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲ ਭੱਜਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ‘ਚ ਵਿਧਾਇਕ ਰਾਜਾ ਵੜਿੰਗ, ਬਲਬੀਰ ਸਿੱਧੂ, ਓ ਪੀ ਸੋਨੀ ਸਮੇਤ ਕਈ ਵਿਧਾਇਕ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਗਮ ਚੋਣਾਂ ਤੋਂ ਬਾਅਦ ਮੰਤਰੀ ਮੰਡਲ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਜਿਸ ਦੇ ਚਲਦੇ ਵਿਧਾਇਕਾਂ ਨੇ ਮੰਤਰੀ ਅਹੁਦਾ ਪਾਉਣ ਦੇ ਲਈ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। ਵਿਧਾਇਕਾਂ ਨੂੰ ਇਹ ਲਗਦਾ ਹੈ ਕਿ ਸ਼ਾਇਦ ਰਾਹੁਲ ਗਾਂਧੀ ਦੇ ਸੰਪਰਕ ‘ਚ ਆਉਣ ਨਾਲ ਹੀ ਉਨ੍ਹਾਂ ਨੂੰ ਮੰਤਰੀ ਅਹੁਦਾ ਮਿਲ ਜਾਵੇ। ਅਜਿਹੇ ‘ਚ ਹੁਣ ਨਿਗਮ ਚੋਣਾਂ ਤੋਂ ਬਾਅਦ ਵਿਧਾਇਕਾਂ ਦਾ ਅਗਲਾ ਡੇਰਾ ਰਾਹੁਲ ਗਾਂਧੀ ਦਾ ਦਫ਼ਤਰ ਹੋਵੇਗਾ।
ਆਮ ਆਦਮੀ ਪਾਰਟੀ ਨੂੰ ਉਮੀਦਵਾਰ ਨਹੀਂ ਮਿਲੇ
ਆਮ ਆਦਮੀ ਪਾਰਟੀ ਪੰਜਾਬ ‘ਚ ਲਗਾਤਾਰ ਤੀਜੀ ਚੋਣ ਹਾਰ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ, ਉਸ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਅਤੇ ਹੁਣ ਨਗਰ ਨਿਗਮ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਗਰ ਨਿਗਮ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਨੂੰ ਸੀਟਾਂ ‘ਤੇ ਖੜ੍ਹੇ ਕਰਨ ਲਈ ਉਮੀਦਵਾਰ ਤੱਕ ਨਹੀਂ ਮਿਲੇ। ਅਜਿਹੇ ‘ਚ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਰਹੇ ਹਨ।
ਮੁੱਖ ਮੰਤਰੀ ਦਫ਼ਤਰ ‘ਚ ਪਰਤੀ ਰੌਣਕ
ਨਗਰ ਨਿਗਮ ਚੋਣਾਂ ਦੇ ਚਲਦੇ ਜਿੱਥੇ ਸਕੱਤਰੇਤ ਅਤੇ ਮੁੱਖ ਮੰਤਰੀ ਦਫ਼ਤਰ ‘ਚ ਅਫਸਰਾਂ ਅਤੇ ਨੇਤਾਵਾਂ ਦੀ ਰੌਣਕ ਨਹੀਂ ਰਹੀ ਸੀ। ਹੁਣ ਨਗਰ ਨਿਗਮ ਚੋਣਾਂ ਤੋਂ ਬਾਅਦ ਸੋਮਵਾਰ ਨੂੰ ਇਥੇ ਅਫਸਰਾਂ ਦੀ ਰੌਣਕ ਫਿਰ ਵਧ ਜਾਵੇਗੀ। ਨਗਰ ਨਿਗਮ ਚੋਣਾਂ ਦੇ ਚਲਦੇ ਆਗੂ ਪ੍ਰਚਾਰ ‘ਚ ਲੱਗੇ ਹੋਏ ਸਨ, ਜਿਸ ਦੇ ਕਾਰਨ ਸਕਤਰੇਤ ‘ਚ ਨਹੀਂ ਆ ਰਹੇ ਸਨ ਪ੍ਰੰਤੂ ਇਸ ਦੇ ਨਾਲ ਹੀ ਜ਼ਿਆਦਾਤਰ ਅਫ਼ਸਰ ਵੀ ਦਫ਼ਤਰ ਨਹੀਂ ਆ ਰਹੇ ਸਨ। ਹੁਣ ਸੋਮਵਾਰ ਤੋਂ ਵਿਧਾਇਕ ਅਤੇ ਅਫ਼ਸਰ ਵੀ ਆਪਣੇ ਆਪਣੇ ਦਫ਼ਤਰਾਂ ‘ਚ ਪਰਤ ਆਉਣਗੇ।
ਸਿੱਧੂ ਨੇ ਆਰੋਪਾਂ ਨੂੰ ਗਲਤ ਸਾਬਤ ਕੀਤਾ
ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਤੇਜ਼ ਤਰਾਰਾ ਆਗੂ ਮੰਨੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਬਾਰੇ ‘ਚ ਅਕਾਲੀ-ਭਾਜਪਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਅੰਮ੍ਰਿਤਸਰ ‘ਚ ਡਿਵੈਲਪਮੈਂਟ ਦਾ ਕੋਈ ਕੰਮ ਨਹੀਂ ਕੀਤਾ। ਇਸ ਤਰ੍ਹਾਂ ਨਿਗਮ ਚੋਣਾਂ ‘ਚ ਉਨ੍ਹਾਂ ਨੂੰ ਕੋਈ ਬਹੁਮਤ ਨਹੀਂ ਮਿਲੇਗਾ ਪ੍ਰੰਤੂ ਕਾਂਗਰਸ ਨੇ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਜਿੱਤ ਕੇ ਅਕਾਲੀ-ਭਾਜਪਾ ਦੇ ਇਨ੍ਹਾਂ ਆਰੋਪਾਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ ਕਿ ਲੋਕ ਸਿੱਧੂ ਨੂੰ ਪਸੰਦ ਨਹੀਂ ਕਰਦੇ ਅਤੇ ਕਾਂਗਰਸ ਨੂੰ ਇਥੇ ਬਹੁਮਤ ਨਹੀਂ ਮਿਲੇਗਾ। ਸਿੱਧੂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਬੋਲਦੇ ਹੀ ਨਹੀਂ ਕੰਮ ਵੀ ਕਰਦੇ ਹਨ।

RELATED ARTICLES
POPULAR POSTS