ਬਰੈਂਪਟਨ/ਬਿਊਰੋ ਨਿਊਜ਼ : ”ਸੜਕ-ਸੁਰੱਖਿਆ ਨੂੰ ਯਕੀਨੀ ਬਨਾਉਣਾ ਲਿਬਰਲ ਸਰਕਾਰ ਦੀ ਪ੍ਰਾਥਮਿਕਤਾ ਹੈ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ। ਟਰੱਕਿੰਗ ਤੇ ਟਰਾਂਸਪੋਰਟ ਉਦਯੋਗ ਨਾਲ ਅਤੇ ਇਸ ਏਰੀਏ ਵਿਚ ਯਾਤਰੀਆਂ ਨੂੰ ਇਕ-ਦੂਸਰੀ ਜਗ੍ਹਾ ਪਹੁੰਚਾਉਣ ਲਈ ਬੱਸਾਂ ਦੀ ਵੱਡੀ ਗਿਣਤੀ ਵਿਚ ਸੜਕਾਂ ‘ਤੇ ਚੱਲਣ ਨਾਲ ਲੰਘੇ ਸਮੇਂ ਵਿਚ ਟਰੈਫ਼ਿਕ ਵਿਚ ਢੇਰ ਸਾਰਾ ਵਾਧਾ ਹੋਇਆ ਹੈ ਜਿਸ ਨਾਲ ਸੜਕ-ਸੁਰੱਖਿਆ ਦੀ ਵਧੇਰੇ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ। ਇਸ ਦੇ ਬਾਰੇ ਸੋਨੀਆ ਨੇ ਕਿਹਾ ਕਿ ਉਹ ਮਾਣਯੋਗ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਵੱਲੋਂ ਇਸ ਸੋਮਵਾਰ ਨੂੰ ਸੜਕ-ਸੁਰੱਖਿਆ ਸਬੰਧੀ ਲਏ ਗਏ ਨਵੇਂ ਕਦਮਾਂ ਦਾ ਸੁਆਗ਼ਤ ਕਰਦੇ ਹਨ। ਉਨ੍ਹਾਂ ਹੋਰ ਕਿਹਾ,”ਅਸੀਂ ਜਾਣਦੇ ਹਾਂ ਕਿ ਇਹ ਦੋਵੇਂ ਉਦਯੋਗ ਬਰੈਂਪਟਨ ਸਾਊਥ ਅਤੇ ਇਸ ਸਮੁੱਚੇ ਏਰੀਏ ਵਿਚ ਨਵੀਆਂ ਨੌਕਰੀਆਂ ਪੈਦਾ ਕਰਦੇ ਹਨ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਟਰੱਕਾਂ ਅਤੇ ਬੱਸਾਂ ਦੇ ਡਰਾਈਵਰ ਸੜਕਾਂ ਉੱਪਰ ਚੱਲਦੇ ਸਮੇਂ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਹਰੇਕ ਸੰਭਵ ਕੋਸ਼ਿਸ਼ ਕਰਦੇ ਹਨ।” ਨਵੇਂ ਨਿਯਮਾਂ ਵਿਚ ਕੈਨੇਡਾ ਵਿਚ ਵਿਕਣ ਵਾਲੇ ਟਰੱਕਾਂ ਅਤੇ ਬੱਸਾਂ ਵਿਚ ‘ਇਲੈਨਟਰੌਨਿਕ ਸਟੇਬਿਲਿਟੀ ਕੰਟਰੋਲ ਟੈਕਨੌਲੌਜੀ’ ਦੀ ਵਰਤੋਂ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਇਹ ਇਲੈਕਟਰੌਨਿਕ ਸਟੇਬਿਲਿਟੀ ਕੰਟਰੋਲ ਸਿਸਟਮ ਦੁਰਘਟਨਾ-ਬਚਾਊ ਤਕਨਾਲੌਜੀਆਂ ਨਾਲ ਲੈਸ ਹਨ ਜੋ ਡਰਾਈਵਰਾਂ ਲਈ ਗੱਡੀਆਂ ਉੱਪਰ ਕੰਟਰੋਲ ਰੱਖਣ, ਰੋਲ-ਓਵਰ ਤੋਂ ਬਚਾਅ ਕਰਨ ਅਤੇ ਪਾਸਿਆਂ ਤੋਂ ਹੋਣ ਵਾਲੀਆਂ ਟੱਕਰਾਂ ਦੀ ਸੰਭਾਵਨਾ ਵਿਚ ਸੁਧਾਰ ਲਈ ਲਾਭਦਾਇਕ ਹਨ। ਇਹ ਟੈਕਨੌਲੌਜੀ ਹੁਣ ਨਵੇਂ ਟਰੱਕ ਟਰੈੱਕਟਰਾਂ ਲਈ ਅਤੀ ਲੋੜੀਂਦੀ ਹੈ ਅਤੇ ਸਕੂਲ ਬੱਸਾਂ ਤੇ ਸ਼ਹਿਰ ਵਿਚ ਚੱਲਣ ਵਾਲੀਆਂ ਬੱਸਾਂ ਲਈ ਇਲੈਕਟਰਾਨਿਕ ਸਟੇਬਿਲਿਟੀ ਕੰਟਰੋਲ ਜੂਨ 2018 ਤੱਕ ਜ਼ਰੂਰੀ ਕਰ ਦਿੱਤਾ ਗਿਆ ਹੈ। ਫ਼ੈੱਡਰਲ ਕੰਟਰੋਲ ਹੇਠ ਚੱਲਣ ਵਾਲੇ ਟਰੱਕ ਅਤੇ ਬੱਸਾਂ ਅਤੇ ਉਨ੍ਹਾਂ ਦੇ ਕਮਰਸ਼ੀਅਲ ਡਰਾਈਵਰਾਂ ਲਈ ਨਿਯਮ ਫ਼ੈੱਡਰਲ ਸਰਕਾਰ ਵੱਲੋਂ ਵੱਖਰੇ ਤੌਰ ‘ਤੇ ਨਿਰਧਾਰਤ ਕੀਤੇ ਜਾਣਗੇ ਜਿਨ੍ਹਾਂ ਵਿਚ ਇਨ੍ਹਾਂ ਇਲੈੱਕਟ੍ਰਾਨਿਕ ਲੌਗਿੰਗ ਯੰਤਰਾਂ ਨੂੰ ਲਗਾਉਣਾ ਜ਼ਰੂਰੀ ਹੋਵੇਗਾ।
ਸੋਨੀਆ ਨੇ ਕਿਹਾ, ਕੈਨੇਡੀਅਨਾਂ ਨੂੰ ਸੁਰੱਖ਼ਿਅਤ ਰੱਖਣ ਲਈ ਮਾਣਯੋਗ ਮੰਤਰੀ ਗਾਰਨਿਊ ਵੱਲੋਂ ਕੀਤੇ ਗਏ ਇਸ ਅਹਿਮ ਕਾਰਜ ਅਤੇ ਉਨ੍ਹਾਂ ਦੇ ਬਰੈਂਪਟਨ ਜਿੱਥੇ ਕਮਰਸ਼ੀਅਲ ਟ੍ਰਾਂਸਪੋਰਟ ਦਾ ਕਾਫ਼ੀ ਰੱਸ਼ ਹੈ, ਵਿਖੇ ਆਉਣ ਲਈ ਮੈਂ ਉਨ੍ਹਾਂ ਦਾ ਹਾਰਦਿਕ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਨਾਂ ਤਬਦੀਲੀਆਂ ਨਾਲ ਸਾਡੀਆਂ ਸੜਕਾਂ ਉੱਪਰ ਸੁਰੱਖਿਆ ਦੇ ਮਾਮਲੇ ਵਿਚ ਹਾਂ-ਪੱਖੀ ਸਾਰਥਿਕ ਪ੍ਰਭਾਵ ਪਵੇਗਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …