1.4 C
Toronto
Wednesday, January 7, 2026
spot_img
Homeਕੈਨੇਡਾਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਮੈਂਬਰਾਂ ਨਾਲ ਬਰੈਂਪਟਨ ਸਿਟੀ ਕਾਊਂਸਲ ਦੇ ਕੰਮ-ਕਾਜ...

ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਮੈਂਬਰਾਂ ਨਾਲ ਬਰੈਂਪਟਨ ਸਿਟੀ ਕਾਊਂਸਲ ਦੇ ਕੰਮ-ਕਾਜ ਬਾਰੇ ਕੀਤਾ ਵਿਚਾਰ-ਵਟਾਂਦਰਾ

ਬਰੈਮਲੀ/ਸੈਂਡਲਵੁੱਡ ਪਬਲਿਕ ਲਾਇਬ੍ਰੇਰੀ ਤੇ ‘ਕਾਮਾਗਾਟਾਮਾਰੂ ਪਾਰਕ’ ਅਕਤੂਬਰ ਤੱਕ ਖੁੱਲ੍ਹਣ ਦੀ ਸੰਭਾਵਨਾ
ਬਰੈਂਪਟਨ/ਡਾ.ਝੰਡ : ਲੰਘੇ ਵੀਰਵਾਰ 8 ਜੂਨ ਨੂੰ ਬਰੈਂਪਟਨ ਦੇ ਵਾਰਡ ਨੰ: 9-10 ਦੇ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਚ ਕਮਿਊਨਿਟੀ ਮੈਂਬਰਾਂ ਨਾਲ ਸਿਟੀ ਕਾਊਂਸਲ ਦੇ ਕੰਮ-ਕਾਜੀ ਢੰਗਾਂ-ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਨਾਲ ਸਿਟੀ ਕਾਊਂਸਲ ਦੇ ਹੋਰ ਵੀ ਕਈ ਸਟਾਫ਼ ਮੈਂਬਰ ਆਏ ਹੋਏ ਸਨ ਜਿਨ੍ਹਾਂ ਵਿੱਚ ਜੇ.ਪੀ. ਮੌਰਿਸ, ਮਾਈਕ ਮੁਲਿਕ, ਸਟੀਵ ਬੋਡਰਗ, ਪਾਲ ਮੌਰੀਸਨ ਅਤੇ ਜਿਮ ਪਿੱਟਮੈਨ ਪ੍ਰਮੁੱਖ ਸਨ।  ਰਿਜਨ ਆਫ਼ ਪੀਲ ਐਕਟ-1974 ਅਤੇ ਸਿਟੀ ਕਾਊਂਸਲ ਦੀ ਵਰਕਿੰਗ ਬਾਰੇ ਦੱਸਦਿਆਂ ਹੋਇਆਂ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਸਰਕਾਰ ਦੇ ਤਿੰਨ ਮੁੱਖ ਅੰਗਾਂ ਫ਼ੈੱਡਰਲ, ਪ੍ਰੋਵਿੰਸ਼ੀਅਲ ਅਤੇ ਲੋਕਲ ਵਿੱਚ ਸਥਾਨਕ ਸਰਕਾਰ ਦੀ ਆਪਣੀ ਹੀ ਵਿਸ਼ੇਸਤਾ ਹੈ। ਉਹ ਸਥਾਨਕ ਪੱਧਰ ਉੱਪਰ ਰਿਜਨ ਅਤੇ ਲੋਕਲ ਲੈਵਲ ‘ਤੇ ਸ਼ਹਿਰਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਸ ਦਾ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਹੈ ਅਤੇ ਉਹ ਸ਼ਹਿਰ ਦੀ ਸਹੀ ਪਲੈਨਿੰਗ ਦੇ ਨਾਲ ਨਾਲ ਉਨ੍ਹਾਂ ਲਈ ਵਾਟਰ ਸਪਲਾਈ, ਪਬਲਿਕ ਹੈੱਲਥ, ਸੋਸ਼ਲ ਸਰਵਿਸਜ਼, ਚਾਈਲਡ ਕੇਅਰ, ਪਾਰਕਾਂ ਦੀ ਮੇਂਟੀਨੈਂਸ ਤੇ ਇਨ੍ਹਾਂ ਵਿੱਚ ਸ਼ੈੱਡ ਬਨਾਉਣ, ਸ਼ਹਿਰ ਨੂੰ ਹਰਾ-ਭਰਾ ਬਣਾਈ ਰੱਖਣ, ਗਾਰਬੇਜ ਚੁੱਕਣ ਅਤੇ ਸਰਦੀਆਂ ਨੂੰ ਬਰਫ਼ ਹਟਾਉਣ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਕਰਦੀ ਹੈ। ਉਨ੍ਹਾਂ ਦੱਸਿਆ ਕਿ ਬਰੈਂਪਟਨ ਸਿਟੀ ਕੌਂਸਲ ਦੀ ਮੇਅਰ ਸਮੇਤ 5 ਰਿਜਨਲ ਅਤੇ 5 ਸਿਟੀ ਕਾਊਸਲਰਾਂ ਦੀ ਮੀਟਿੰਗ ਹਰ ਬੁੱਧਵਾਰ ਨੂੰ ਹੁੰਦੀ ਹੈ ਅਤੇ ਇਸ  ਦੀਆਂ ‘ਪਬਲਿਕ’ (ਓਪਨ) ਅਤੇ ‘ਬੰਦ-ਕਮਰਾ’ (ਕਲੋਜ਼ਡ) ਮੀਟਿੰਗਾਂ ਵਿੱਚ ਸ਼ਹਿਰ ਦੇ ਵੱਖ-ਵੱਖ ਮੁੱਦੇ ‘ਤੇ ਮਸਲੇ ਵਿਚਾਰੇ ਜਾਂਦੇ ਹਨ। ਉਹ ਪਹਿਲੀ ਜਨਵਰੀ ਤੋਂ 31 ਦਸੰਬਰ ਤੱਕ ਦਾ ਸ਼ਹਿਰ ਦਾ ਸਲਾਨਾ ਬੱਜਟ ਤਿਆਰ ਕਰਦੀ ਹੈ। ਉਹ ਇਸ ਬੱਜਟ ਅਨੁਸਾਰ ਹੀ ਵੱਖ-ਵੱਖ ਕੰਮਾਂ ‘ਤੇ ਸਾਰਾ ਸਾਲ ਖ਼ਰਚ ਕਰਦੀ ਹੈ ਅਤੇ ਇਸ ਦੇ ਲਈ ਬਰੈਂਪਟਨ-ਵਾਸੀਆਂ ਨੂੰ ਪੂਰੀ ਜੁਆਬ-ਦੇਹ ਹੈ।  ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬਰੈਮਲੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਇੰਟਰਸੈੱਕਸ਼ਨ ਦੇ ਨੇੜੇ 10705 ਬਰੈਮਲੀ ਰੋਡ ‘ਤੇ ਬਣ ਲਈ ਬਰੈਂਪਟਨ ਪਬਲਿਕ ਲਾਇਬ੍ਰੇਰੀ ਅਤੇ ਕੈਨੇਡਾ ਦੇ ਇਤਿਹਾਸ ਵਿੱਚ 1914 ਨੂੰ ‘ਕਾਮਾਗਾਟਾ-ਮਾਰੂ ਜਹਾਜ਼’ ਦੇ ਮੁਸਾਫ਼ਰਾਂ ਨਾਲ ਘਟੀ ਅਤਿ-ਦੁਖਦਾਈ ਤੇ ‘ਸ਼ਰਮਨਾਕ ਘਟਨਾ’ ਜਿਸ ਦੀ ਮੁਆਫ਼ੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਪਿਛਲੇ ਸਾਲ ਮੰਗੀ ਜਾ ਚੁੱਕੀ ਹੈ, ਦੇ ਸੂਰਬੀਰ-ਯੋਧਿਆਂ ਨੂੰ ਸਮੱਰਪਿਤ ‘ਕਾਮਾਗਾਟਾ-ਮਾਰੂ ਪਾਰਕ’ ਦਾ ਕੰਮ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਚੱਲ ਰਿਹਾ ਹੈ ਅਤੇ ਇਨ੍ਹਾਂ ਦੋਹਾਂ ਦਾ ਸ਼ੁਭ-ਉਦਘਾਟਨ ਅਕਤੂਬਰ ਮਹੀਨੇ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਬਰੈਂਪਟਨ ਵਿੱਚ ਬਣਨ ਵਾਲੀ ਯੂਨੀਵਰਸਿਟੀ ਬਾਰੇ ਟੋਰਾਂਟੋ ਦੀ ਰਾਇਰਸਨ ਯੂਨੀਵਰਸਿਟੀ ਅਤੇ ਸਥਾਨਕ ਸ਼ੈਰੀਡਨ ਕਾਲਜ ਨਾਲ ਆਪਸੀ ਅਕਾਦਮਿਕ ਸਹਿਯੋਗ ਬਾਰੇ ਗੱਲਬਾਤ ਹੋ ਗਈ ਹੈ ਅਤੇ ਪ੍ਰੋਵਿੰਸ਼ੀਅਲ ਪੱਧਰ ‘ਤੇ ਫ਼ੰਡਾਂ ਦਾ ਪ੍ਰਬੰਧ ਵੀ ਹੋ ਗਿਆ ਹੈ। ਹੁਣ ਇਸ ਦੇ ਲਈ ਸ਼ਹਿਰ ਵਿੱਚ ਢੁੱਕਵੀਂ ਜਗ੍ਹਾ ਵੇਖੀ ਜਾ ਰਹੀ ਹੈ। ਉਨ੍ਹਾਂ ਉਮੀਦ ਕੀਤੀ ਕਿ ਇਸ ਸਾਲ ਦੇ ਅਖ਼ੀਰ ਤੱਕ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਏਗਾ। ਇਹ ਮੁੱਦਾ ਸਿਟੀ ਕਾਊਂਸਲ ਅਤੇ ਓਨਟਾਰੀਓ ਪ੍ਰੋਵਿੰਸ ਦੋਹਾਂ ਲਈ ਹੀ ਬੜੀ ਅਹਿਮੀਅਤ ਰੱਖਦਾ ਹੈ ਕਿਉਂਕਿ ਦੋਹਾਂ ਦੀਆਂ ਅਗਲੀਆਂ ਚੋਣਾਂ ਅਗਲੇ ਸਾਲ 2018 ਵਿੱਚ ਹੋਣ ਜਾ ਰਹੀਆਂ ਹਨ।  ਇਸ ਮੌਕੇ ‘ਨਿਊ ਹੋਪ ਸੀਨੀਅਰਜ਼ ਕਲੱਬ’ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ, ਗੋਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ, ‘ਸਿੱਖ ਸਪੋਕਸਮੈਨ’ ਤੋਂ ਡਾ. ਸੁਖਦੇਵ ਸਿੰਘ ਝੰਡ ਤੇ ਪ੍ਰੋ.ਜਗੀਰ ਸਿੰਘ ਕਾਹਲੋਂ ਅਤੇ ਕਈ ਹੋਰਨਾਂ ਵੱਲੋਂ ਗੁਰਪ੍ਰੀਤ ਢਿੱਲੋਂ ਨੂੰ ਕਈ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਤਸੱਲੀ-ਪੂਰਵਕ ਦਿੱਤੇ ਗਏ। ਇਸ ਮੀਟਿੰਗ ਦੀ ਕਾਰਵਾਈ ‘ਗਲੋਬਲ ਪੰਜਾਬ’/ ‘ਪੰਜਾਬੀ ਚੈਨਲ’ ਅਤੇ ‘ਪੀ.ਟੀ.ਸੀ.’ ਟੀ.ਵੀ. ਚੈਨਲਾਂ ਵੱਲੋਂ ਆਪਣੇ ਕੈਮਰਿਆਂ ਵਿੱਚ ਕੈਦ ਕੀਤੀ ਗਈ।

RELATED ARTICLES
POPULAR POSTS