ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਲਿਬਰਲ ਸਰਕਾਰ ਤੇ ਐਡਮਿਰਲ ਆਰਟ ਮੈਕਡੌਨਲਡ ਦਰਮਿਆਨ ਲੜਾਈ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਪਿਛਲੇ ਦਿਨੀਂ ਕੈਬਨਿਟ ਮੰਤਰੀਆਂ ਨੇ ਨੇਵੀ ਦੇ ਇਸ ਅਧਿਕਾਰੀ ਨੂੰ ਕੈਨੇਡੀਅਨ ਆਰਮਡ ਫੋਰਸਿਜ਼ ਦੇ ਕਮਾਂਡਰ ਵਜੋਂ ਪਰਤਣ ਦੀ ਥਾਂ ਛੁੱਟੀ ਉੱਤੇ ਰਹਿਣ ਦੇ ਹੁਕਮ ਚਾੜ੍ਹ ਦਿੱਤੇ। ਸੰਭਾਵੀ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਇਸ ਤਰ੍ਹਾਂ ਦੇ ਚੁੱਕੇ ਗਏ ਕਦਮ ਨਾਲ ਇਸ ਮਾਮਲੇ ਵਿੱਚ ਇੱਕ ਹੋਰ ਨਵਾਂ ਮੋੜ ਆ ਗਿਆ ਹੈ। ਇਸ ਤੋੰ ਪਹਿਲਾਂ ਮੈਕਡੌਨਲਡ ਦੇ ਵਕੀਲਾਂ ਨੇ ਇੱਕ ਬਿਆਨ ਜਾਰੀ ਕਰਕੇ ਇਹ ਆਖਿਆ ਸੀ ਕਿ ਉਨ੍ਹਾਂ ਦਾ ਕਲਾਇੰਟ ਚੀਫ ਆਫ ਦ ਡਿਫੈਂਸ ਸਟਾਫ ਵਜੋਂ ਪਰਤਣ ਦੀ ਯੋਜਨਾ ਬਣਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੈਕਡੌਨਲਡ ਉੱਤੇ ਸ਼ੋਸ਼ਣ ਸਬੰਧੀ ਲੱਗੇ ਦੋਸ਼ਾਂ ਦੀ ਚੱਲ ਰਹੀ ਜਾਂਚ, ਜੋ ਕਿ ਮਿਲਟਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ, ਮੁੱਕ ਚੁੱਕੀ ਹੈ। ਪਿਛਲੇ ਹਫਤੇ ਮਿਲਟਰੀ ਪੁਲਿਸ ਵੱਲੋਂ ਮੈਕਡੌਨਲਡ ਖਿਲਾਫ ਕੋਈ ਵੀ ਚਾਰਜਿਜ਼ ਨਾ ਲਾਉਣ ਦਾ ਫੈਸਲਾ ਸੁਣਾਇਆ ਗਿਆ ਸੀ। ਮੈਕਡੌਨਲਡ ਦੀ ਟੀਮ ਨੇ ਇਸ ਦੇ ਹਵਾਲੇ ਨਾਲ ਹੀ ਇਹ ਆਖਿਆ ਸੀ ਕਿ ਐਡਮਿਰਲ ਦੇ ਕੈਨੇਡੀਅਨ ਆਰਮਡ ਫੋਰਸਿਜ਼ ਦੇ ਕਮਾਂਡਰ ਵਜੋਂ ਪਰਤਣ ਦਾ ਸਮਾਂ ਆ ਗਿਆ ਹੈ। ਪਰ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਮੈਕਡੌਨਲਡ ਦੇ ਵਕੀਲਾਂ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਕੁੱਝ ਘੰਟੇ ਬਾਅਦ ਇਹ ਆਖਿਆ ਸੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਬਾਰੇ ਕੋਈ ਫੈਸਲਾ ਨਹੀਂ ਕਰ ਲੈਂਦੀ ਉਦੋਂ ਤੱਕ ਉਨ੍ਹਾਂ ਨੂੰ ਛੁੱਟੀ ਉੱਤੇ ਹੀ ਰਹਿਣਾ ਚਾਹੀਦਾ ਹੈ। ਜਾਂਚ ਦੇ ਚੱਲਦਿਆਂ ਮੈਕਡੌਨਲਡ ਨੇ 24 ਫਰਵਰੀ ਨੂੰ ਆਪ ਹੀ ਡਿਫੈਂਸ ਚੀਫ ਦਾ ਅਹੁਦਾ ਛੱਡ ਦਿੱਤਾ ਸੀ ਤੇ ਲੈਫਟੀਨੈਂਟ ਜਨਰਲ ਵੇਅਨ ਏਅਰ ਨੂੰ ਕਾਰਜਕਾਰੀ ਡਿਫੈਂਸ ਚੀਫ ਬਣਾਇਆ ਗਿਆ ਸੀ। ਸੱਜਣ ਨੇ ਸੰਕੇਤ ਦਿੱਤਾ ਹੈ ਕਿ ਏਅਰ ਹੀ ਕਾਰਜਕਾਰੀ ਡਿਫੈਂਸ ਚੀਫ ਬਣੇ ਰਹਿਣਗੇ।