ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਦੀਆਂ ਦੋ ਸਾਲਾਂ ਬਾਅਦ ਹੋਣ ਵਾਲੀਆਂ 57 ਸੀਟਾਂ ‘ਤੇ ਪਈਆਂ ਵੋਟਾਂ ਤੋਂ ਬਾਅਦ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਸੱਤ ਸੂਬਿਆਂ ਵਿਚ ਪਈਆਂ ਵੋਟਾਂ ਦੌਰਾਨ ਕਈ ਪਾਰਟੀਆਂ ਅੰਦਰ ਸੰਨ੍ਹ ਲੱਗੀ ਅਤੇ ਜੋੜ-ਤੋੜ ਤੋਂ ਬਾਅਦ ਕਈ ਉਮੀਦਵਾਰ ਰਾਜ ਸਭਾ ਦੀ ਮੈਂਬਰੀ ਲੈਣ ਵਿਚ ਕਾਮਯਾਬ ਹੋ ਗਏ। 27 ਸੀਟਾਂ ਵਿਚੋਂ 11 ਭਾਜਪਾ, 6 ਕਾਂਗਰਸ, 7 ਸਮਾਜਵਾਦੀ ਪਾਰਟੀ, 2 ਬਸਪਾ ਅਤੇ ਇਕ ਆਜ਼ਾਦ ਉਮੀਦਵਾਰ ਦੇ ਖਾਤੇ ਵਿਚ ਗਈਆਂ। ਇਸ ਤੋਂ ਪਹਿਲਾਂ 30 ਸੀਟਾਂ ‘ਤੇ ਉਮੀਦਵਾਰ ਬਿਨਾਂ ਮੁਕਾਬਲਾ ਹੀ ਚੋਣ ਜਿੱਤ ਗਏ ਸਨ।
ਕਾਂਗਰਸ ਦੇ ਦਿੱਗਜ ਆਗੂ ਕਪਿਲ ਸਿੱਬਲ ਬੜੀ ਮੁਸ਼ਕਲ ਨਾਲ ਉੱਤਰ ਪ੍ਰਦੇਸ਼ ‘ਚੋਂ ਆਪਣੀ ਸੀਟ ਕੱਢਣ ਵਿਚ ਕਾਮਯਾਬ ਰਹੇ ਜਦਕਿ ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ, ਨਿਰਮਲਾ ਸੀਤਾਰਮਨ ਅਤੇ ਮੁਖਤਾਰ ਅੱਬਾਸ ਨਕਵੀ ਅਸਾਨੀ ਨਾਲ ਰਾਜ ਸਭਾ ਲਈ ਚੁਣੇ ਗਏ। ਉਨ੍ਹਾਂ ਭਾਜਪਾ ਦੀ ਹਮਾਇਤ ਪ੍ਰਾਪਤ ਪ੍ਰੀਤੀ ਮਹਾਪਾਤਰਾ ਨੂੰ ਹਰਾਇਆ। ਸੀਨੀਅਰ ਕਾਂਗਰਸ ਆਗੂ ਆਸਕਰ ਫਰਨਾਂਡਿਜ਼ ਅਤੇ ਜੈਰਾਮ ਰਮੇਸ਼ ਕਰਨਾਟਕ ਤੋਂ ਚੋਣ ਜਿੱਤਣ ‘ਚ ਕਾਮਯਾਬ ਰਹੇ ਜਿਥੇ ਜਨਤਾ ਦਲ (ਐਸ) ਦੇ ਬਾਗ਼ੀ ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਕਾਂਗਰਸ ਤੀਜੀ ਸੀਟ ਵੀ ਜਿੱਤਣ ‘ਚ ਕਾਮਯਾਬ ਰਹੀ। ਸਾਬਕਾ ਆਈਪੀਐਸ ਅਧਿਕਾਰੀ ਕੇ ਸੀ ਰਾਮਾਮੂਰਤੀ ਨੇ ਜਨਤਾ ਦਲ (ਐਸ) ਦੀ ਹਮਾਇਤ ਹਾਸਲ ਆਜ਼ਾਦ ਉਮੀਦਵਾਰ ਕਾਰੋਬਾਰੀ ਬੀ ਐਮ ਫਾਰੂਕ ਨੂੰ ਹਰਾਇਆ। ਕਾਂਗਰਸ ਝਾਰਖੰਡ ਵਿਚ ਜੇਐਮਐਮ ਮੁਖੀ ਸ਼ਿਬੂ ਸੋਰੇਨ ਦੇ ਪੁੱਤਰ ਬਸੰਤ ਸੋਰੇਨ ਨੂੰ ਜਿਤਾਉਣ ਵਿਚ ਨਾਕਾਮ ਰਹੀ। ਭਾਜਪਾ ਉਮੀਦਵਾਰ ਮਹੇਸ਼ ਪੋਦਾਰ ਮੁਸ਼ਕਲ ਨਾਲ ਚੋਣ ਜਿੱਤੇ ਕਿਉਂਕਿ ਜੇਐਮਐਮ ਦਾ ਗ੍ਰਿਫ਼ਤਾਰ ਵਿਧਾਇਕ ਅਤੇ ਕਾਂਗਰਸ ਦਾ ਇਕ ਵਿਧਾਇਕ ਵੋਟ ਨਹੀਂ ਪਾ ਸਕੇ। ਬਸਪਾ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਪਰ ਉੱਤਰ ਪ੍ਰਦੇਸ਼ ਵਿਚ ਉਸ ਨੇ ਕਿਸੇ ਵੀ ਪਾਰਟੀ ਦਾ ਪੱਖ ਨਹੀਂ ਲਿਆ। ਸੀਨੀਅਰ ਪੱਤਰਕਾਰ ਅਤੇ ਭਾਜਪਾ ਆਗੂ ਐਮ ਜੇ ਅਕਬਰ, ਅਨਿਲ ਦਵੇ ਅਤੇ ਕਾਂਗਰਸ ਦੇ ਵਿਵੇਕ ਤਨਖਾ ਮੱਧ ਪ੍ਰਦੇਸ਼ ਤੋਂ ਜੇਤੂ ਰਹੇ। ਉੱਤਰਾਖੰਡ ਵਿਚ ਇਕੋ ਸੀਟ ‘ਤੇ ਕਾਂਗਰਸ ਦੇ ਪ੍ਰਦੀਪ ਟਮਟਾ ਚੋਣ ਜਿੱਤ ਗਏ। ਉਨ੍ਹਾਂ ਭਾਜਪਾ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਅਨਿਲ ਗੋਇਲ ਨੂੰ ਹਰਾਇਆ।ઠ
Check Also
ਤਹੱਵੁਰ ਰਾਣਾ ਨੂੰ ਐਨ.ਆਈ.ਏ. ਨੇ 18 ਦਿਨਾਂ ਦੇ ਰਿਮਾਂਡ ’ਤੇ ਲਿਆ
ਲੰਘੇ ਕੱਲ੍ਹ ਹੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ ਭਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ …