Breaking News
Home / ਪੰਜਾਬ / ਰਾਜ ਸਭਾ ਚੋਣਾਂ: ਹਰਿਆਣਾ ਵਿਚ ਵੱਡਾ ਉਲਟ-ਫੇਰ

ਰਾਜ ਸਭਾ ਚੋਣਾਂ: ਹਰਿਆਣਾ ਵਿਚ ਵੱਡਾ ਉਲਟ-ਫੇਰ

Raj Sabha Haryana14 ਰੱਦ ਵੋਟਾਂ ਨੇ ਭਾਜਪਾ ਦੇ ਭਾਗ ਜਗਾਏ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ‘ਉਲਟਫੇਰ’ ਹੋ ਗਿਆ, ਜਦੋਂ ਭਾਜਪਾ ਦੀ ਹਮਾਇਤ ਪ੍ਰਾਪਤ ਜ਼ੀ ਮੀਡੀਆ ਗਰੁੱਪ ਦੇ ਮਾਲਕ ਡਾ. ਸੁਭਾਸ਼ ਚੰਦਰਾ, ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਹਮਾਇਤ ਹਾਸਲ ਉੱਘੇ ਵਕੀਲ ਆਰ ਕੇ ਆਨੰਦ ਨੂੰ ਹਰਾ ਕੇ ਰਾਜ ਸਭਾ ਵਿੱਚ ਪੁੱਜਣ ਵਿਚ ਸਫਲ ਹੋ ਗਏ। ਭਾਜਪਾ ਦੇ ਅਧਿਕਾਰਤ ਉਮੀਦਵਾਰ ਅਤੇ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਸਭ ਤੋਂ ਵੱਧ 40 ਵੋਟਾਂ ਲੈ ਕੇ ਰਾਜ ਸਭਾ ਦੀ ਚੋਣ ਅਸਾਨੀ ਨਾਲ ਜਿੱਤ ਗਏ।
ਹਰਿਆਣਾ ਦੇ ਇਤਿਹਾਸ ਵਿੱਚ ਰਾਜ ਸਭਾ ਦੀ ਚੋਣ ਵਿੱਚ ਪਹਿਲੀ ਵਾਰ 14 ਵੋਟਾਂ ਰੱਦ ਹੋਈਆਂ ਹਨ। ਇਹ ਵੀ ਦਿਲਚਸਪ ਤੱਥ ਹੈ ਕਿ ਭਾਜਪਾ ਦੇ ਕਿਸੇ ਵੀ ਵਿਧਾਇਕ ਦੀ ਵੋਟ ਰੱਦ ਨਹੀਂ ਹੋਈ ਜਦਕਿ ਜ਼ਿਆਦਾਤਰ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਵਿਚ ਜਿੱਤੇ ਹਨ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿਚ 14 ਵਿਧਾਇਕਾਂ ਦੀਆਂ ਵੋਟਾਂ ਰੱਦ ਹੋਣ ਪਿੱਛੋਂ 76 ਵੋਟਾਂ ਦੇ ਆਧਾਰ ‘ਤੇ ਜਿੱਤ-ਹਾਰ ਦਾ ਫ਼ੈਸਲਾ ਕੀਤਾ ਗਿਆ। ਚੌਧਰੀ ਬੀਰੇਂਦਰ ਸਿੰਘ ਨੇ ਚੋਣ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਤਰਜੀਹ ਦੀਆਂ 40 ਵੋਟਾਂ ਮਿਲੀਆਂ ਜਦਕਿ ਇਨੈਲੋ ਅਤੇ ਕਾਂਗਰਸ ਦੀ ਹਮਾਇਤ ਪ੍ਰਾਪਤ ਆਰ ਕੇ ਆਨੰਦ ਨੂੰ 21 ਅਤੇ ਭਾਜਪਾ ਦੇ ਹਮਾਇਤੀ ਸੁਭਾਸ਼ ਚੰਦਰਾ ਨੂੰ 15 ਵੋਟਾਂ ਮਿਲੀਆਂ। ਇਸ ਵਿੱਚ ਭਾਜਪਾ ਦੇ 12 ਅਤੇ ਤਿੰਨ ਹੋਰ ਵਿਧਾਇਕਾਂ ਦੀਆਂ ਵੋਟਾਂ ਸ਼ਾਮਲ ਹਨ। ਸੁਭਾਸ਼ ਚੰਦਰਾ ਨੂੰ ਭਾਜਪਾ ਵਿਧਾਇਕਾਂ ਦੀਆਂ ਦੂਜੀ ਤਰਜੀਹ ਦੀਆਂ 14 ਵੋਟਾਂ ਮਿਲਣ ਨਾਲ ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ 29 ਹੋ ਗਈ। 76 ਵੋਟਾਂ ਦੇ ਆਧਾਰ ‘ਤੇ ਜਿੱਤਣ ਲਈ 28 ਵੋਟਾਂ ਹੀ ઠਚਾਹੀਦੀਆਂ ਸਨ ਅਤੇ ਸੁਭਾਸ਼ ਚੰਦਰਾ ਜੇਤੂ ਕਰਾਰ ਦਿੱਤੇ ਗਏ।
ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੇ ਚੌਟਾਲਾ ਨੇ ਨਤੀਜਾ ਆਉਣ ਤੋਂ ਤੁਰੰਤ ਬਾਅਦ ਦੋਸ਼ ਲਾਇਆ ਕਿ ਕਾਂਗਰਸ ਪਾਰਟੀ, ਭਾਜਪਾ ਦੀ ਬੀ ਟੀਮ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਾਰੇ ਹਮਾਇਤੀ ਵਿਧਾਇਕਾਂ ਨੇ ਗਿਣੀ-ਮਿਥੀ ਸਕੀਮ ਤਹਿਤ ਵੋਟਾਂ ਰੱਦ ਕਰਵਾਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁੱਡਾ ਨੇ ਸੀਬੀਆਈ ਦੇ ਡਰ ਕਾਰਨ ਭਾਜਪਾ ਅੱਗੇ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਨੈਲੋ ਦੀਆਂ 18 ਅਤੇ ਕਾਂਗਰਸ ਦੇ ਕੇਵਲ ਤਿੰਨ ਵਿਧਾਇਕਾਂ ਦੀਆਂ ਵੋਟਾਂ ਹੀ ਐਡਵੋਕੇਟ ਆਨੰਦ ਨੂੰ ਮਿਲੀਆਂ ਹਨ। ਇਨੈਲੋ ਆਗੂ ਦੇ ਦੋਸ਼ਾਂ ਬਾਰੇ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਜੇਕਰ ਇਨੈਲੋ ਨੂੰ ਪਹਿਲਾਂ ਹੀ ਕਾਂਗਰਸ ਦੀ ਚਾਲ ਦਾ ਪਤਾ ਸੀ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਹੀ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹੁੱਡਾ ਨੇ ਆਨੰਦ ਨਾਲ ਉਹੀ ਕੁਝ ਕੀਤਾ ਜਿਹੜਾ ਕੁਝ ਉਨ੍ਹਾਂ ਨਾਲ ਕੀਤਾ ਸੀ। ਉਨ੍ਹਾਂ ਆਪਣੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰਿਆਣਾ ਵਿੱਚ ਅਜਿਹਾ ਕੰਮ ਕਾਜ ਕਰਨਾ ਚਾਹੁੰਦੇ ਹਨ ਜਿਸ ਨਾਲ ਭਾਜਪਾ ਨੂੂੰ ਸੂਬੇ ਵਿੱਚ ਵੀਹ-ਤੀਹ ਸਾਲ ਰਾਜ ਭਾਗ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਚੋਣ ਉਨ੍ਹਾਂ ਦੀ ਆਖਰੀ ਪਾਰੀ ਹੈ ਅਤੇ ਛੇ ਸਾਲ ਖ਼ਤਮ ਹੁੰਦਿਆਂ ਉਹ 76 ਸਾਲਾਂ ਦੇ ਹੋ ਜਾਣਗੇ ਤੇ ਹੋਰ ਚੋਣ ਨਹੀਂ ਲੜਣਗੇ। ਸੁਭਾਸ਼ ਚੰਦਰਾ ਨੇ ਵੀ ਜਿੱਤ ਲਈ ਭਾਜਪਾ ਅਤੇ ਹੋਰ ਵੋਟਾਂ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਭਾਜਪਾ ਮੰਤਰੀਆਂ ਰਾਮ ਬਿਲਾਸ਼ ਸ਼ਰਮਾ, ਅਨਿਲ ਵਿੱਜ ਸਮੇਤ ਕਈ ਹੋਰ ਵਿਧਾਇਕਾਂ ਨੇ ਦੋਵਾਂ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ।

Check Also

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …