ਟੋਰਾਂਟੋ : ਜੌਹਨਸਨ ਐਂਡ ਜੌਹਨਸਨ ਤੋਂ ਖਰੀਦੀਆਂ 10 ਮਿਲੀਅਨ ਡੋਜ਼ਾਂ ਕੈਨੇਡਾ ਵੱਲੋਂ ਡੋਨੇਟ ਕੀਤੀਆਂ ਜਾਣਗੀਆਂ। ਪ੍ਰੋਕਿਓਰਮੈਂਟ ਮੰਤਰੀ ਅਨੀਤਾ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਡੋਨੇਸ਼ਨ ਵੈਕਸੀਨ ਸ਼ੇਅਰਿੰਗ ਅਲਾਇੰਸ ਕੋਵੈਕਸ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕਈ ਦੇਸ਼ ਅਜੇ ਵੀ ਵੈਕਸੀਨ ਦੀ ਘਾਟ ਕਾਰਨ ਕਾਫੀ ਸੰਘਰਸ਼ ਕਰ ਰਹੇ ਹਨ। ਹੈਲਥ ਕੈਨੇਡਾ ਨੇ ਮਾਰਚ ਦੇ ਸ਼ੁਰੂ ਵਿੱਚ ਜੇ ਐਂਡ ਜੇ ਦੀ ਕੋਵਿਡ-19 ਵੈਕਸੀਨ ਨੂੰ ਮਾਨਤਾ ਦਿੱਤੀ ਸੀ ਪਰ ਇਸ ਵੈਕਸੀਨ ਦੀ ਕੈਨੇਡਾ ਵਿੱਚ ਕਦੇ ਵਰਤੋਂ ਨਹੀਂ ਕੀਤੀ ਗਈ। ਅਪਰੈਲ ਦੇ ਅਖੀਰ ਵਿੱਚ ਕੈਨੇਡਾ ਆਈਆਂ ਇਸ ਵੈਕਸੀਨ ਦੀਆਂ 330,000 ਡੋਜ਼ਾਂ ਨੂੰ ਕਈ ਮਹੀਨਿਆਂ ਤੱਕ ਕੁਆਰਨਟੀਨ ਕਰਕੇ ਰੱਖਿਆ ਗਿਆ ਸੀ।
ਫੈਡਰਲ ਸਰਕਾਰ ਦਾ ਮੰਨਣਾ ਸੀ ਕਿ ਬਾਲਟੀਮੋਰ ਦੀ ਜਿਸ ਪ੍ਰੋਡਕਸ਼ਨ ਫੈਸਿਲਿਟੀ ਵਿੱਚ ਇਹ ਵੈਕਸੀਨ ਤਿਆਰ ਕੀਤੀ ਗਈ ਸੀ ਉਹ ਸੰਭਾਵੀ ਤੌਰ ਉੱਤੇ ਸਹੀ ਨਹੀਂ ਸੀ। ਹੈਲਥ ਕੈਨੇਡਾ ਨੇ ਆਖਿਆ ਕਿ ਇਨ੍ਹਾਂ ਡੋਜ਼ਾਂ ਦੀ ਪੁਸ਼ਟੀ ਨਹੀਂ ਹੋ ਪਾਈ ਤੇ ਇਸ ਲਈ ਆਖਿਰਕਾਰ ਇਨ੍ਹਾਂ ਡੋਜ਼ਾਂ ਨੂੰ ਕੰਪਨੀ ਨੂੰ ਹੀ ਮੋੜ ਦਿੱਤਾ ਗਿਆ। ਹੁਣ ਜਦੋਂ ਹੋਰਨਾਂ ਉਤਪਾਦਕਾਂ ਵੱਲੋਂ ਭੇਜੀਆਂ ਗਈਆਂ ਵੈਕਸੀਨਜ਼ ਕਾਫੀ ਜ਼ਿਆਦਾ ਹੋ ਗਈਆਂ ਹਨ ਤਾਂ ਆਨੰਦ ਨੇ ਆਖਿਆ ਕਿ ਕੈਨੇਡਾ ਇਹ ਵੈਕਸੀਨ ਉਨ੍ਹਾਂ ਦੇਸ਼ਾਂ ਨੂੰ ਭੇਜੇਗਾ ਜਿਨ੍ਹਾਂ ਨੂੰ ਇਨ੍ਹਾਂ ਦੀ ਕਾਫੀ ਲੋੜ ਹੈ। ਪਿਛਲੇ ਮਹੀਨੇ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਐਸਟ੍ਰਾਜੈਨਕਾ ਵੈਕਸੀਨ ਦੀਆਂ ਲੱਗਭਗ 18 ਮਿਲੀਅਨ ਡੋਜ਼ਾਂ ਘੱਟ ਆਮਦਨ ਵਾਲੇ ਮੁਲਕਾਂ ਨੂੰ ਡੋਨੇਟ ਕਰੇਗਾ।