Breaking News
Home / ਕੈਨੇਡਾ / ‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 301ਵਾਂ ਸ਼ਹੀਦੀ-ਦਿਵਸ ਮਨਾਇਆ ਗਿਆ

‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 301ਵਾਂ ਸ਼ਹੀਦੀ-ਦਿਵਸ ਮਨਾਇਆ ਗਿਆ

ਐੱਮ.ਪੀ.ਸੋਨੀਆ ਸਿੱਧੂ ਤੇ ਐੱਮ.ਪੀ.ਪੀ. ਵਿੱਕ ਢਿੱਲੋਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 9 ਜੂਨ ਨੂੰ ਬਰੈਂਪਟਨ ਵਿੱਚ ਵਿਚਰ ਰਹੀ ‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਨੇ ਮੈਕਲਾਗਲਨ ਤੇ ਰੇਅਲਾਅਸਨ ਸਥਿਤ ਪਬਲਿਕ ਲਾਇਬਰੇਰੀ ਦੇ ਨਾਲ ਲੱਗਵੇਂ ਕਮਿਊਨਿਟੀ ਹਾਲ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਲੋਕ-ਨਾਇਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 301ਵਾਂ ਸ਼ਹੀਦੀ-ਦਿਵਸ ਮਨਾਇਆ। ਇਸ ਮੌਕੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਅਤੇ ਬਰੈਂਪਟਨ ਨਾਰਥ ਦੇ ਐੱਮ.ਪੀ.ਪੀ. ਵਿੱਕ ਢਿੱਲੋਂ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਹਸਤੀਆਂ ਨੇ ਇਸ ਸ਼ਹੀਦੀ ਸਮਾਗ਼ਮ ਵਿੱਚ ਭਰਪੂਰ ਹਾਜ਼ਰੀਆਂ ਭਰੀਆਂ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਨੇ ਬੰਦਾ ਬਹਾਦਰ ਜੀ ਬਾਰੇ ਮੁੱਢਲੀ ਜਾਣਕਾਰੀ ਦੇਣ ਤੋਂ ਬਾਅਦ ਜਗਮੋਹਨ ਸਿੰਘ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਜਿਨ੍ਹਾਂ ਨੇ ਬੰਦਾ ਬਹਾਦਰ ਜੀ ਦੇ ਜੀਵਨ ਤੇ ਉਨ੍ਹਾਂ ਦੀ ਸ਼ਹੀਦੀ ਨਾਲ ਜੁੜੀਆਂ ਕਈ ਘਟਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਬੰਦਾ ਬਹਾਦਰ ਜੀ ਨੂੰ ਮਹਾਨ ਜਰਨੈਲ ਅਤੇ ਲੋਕ-ਨਾਇਕ ਦਾ ਦਰਜਾ ਦਿੰਦਿਆਂ ਹੋਇਆਂ ਉਨ੍ਹਾਂ ਦੀ ਤੁਲਣਾ ਮਹਾਂਰਾਸ਼ਟਰ ਦੇ ਸ਼ਿਵਾ ਜੀ ਮਰਹੱਟਾ ਨਾਲ ਕੀਤੀ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਮਹਾਂਰਾਸ਼ਟਰ ਦੇ ਨਾਇਕ  ਸ਼ਿਵਾ ਜੀ ਮਰਹੱਟਾ ਬਾਰੇ ਕਈ ਕਵਿਤਾਵਾਂ ਸਕੂਲ ਦੇ ਸਿਲੇਬਸਾਂ ਵਿੱਚ ਦਰਜ ਹਨ ਪਰ ਸਾਡੇ ਇਸ ਮਹਾਨ ਨਾਇਕ ਦਾ ਕਿਧਰੇ ਘੱਟ ਹੀ ਜ਼ਿਕਰ ਹੋਇਆਂ ਹੈ। ਉਨ੍ਹਾਂ ਕਿਹਾ ਕਿ ਕੁਝ ਕੇ ਇਤਿਹਾਸਕਾਰਾਂ ਨੂੰ ਛੱਡ ਕੇ ਬਾਕੀ ਇਤਿਹਾਸਕਾਰਾਂ ਨੇ ਇਸ ਮਹਾਨ ਜਰਨੈਲ ਨਾਲ ਇਨਸਾਫ਼ ਨਹੀਂ ਕੀਤਾ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਦੇਣ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਯੋਗ ਜਗ੍ਹਾ ਨਹੀਂ ਦਿੱਤੀ ਗਈ। ਇਸ ਮੌਕੇ ਬੋਲਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਬਾਬਾ ਬੰਦਾ ਬਹਾਦਰ ਜੀ ਨੂੰ ਕੌਮ ਦੇ ਮਹਾਨ ਨਾਇਕ ਕਿਹਾ ਅਤੇ ਪ੍ਰਬੰਧਕਾਂ ਨੂੰ ਇਹ ਸ਼ਹੀਦੀ ਸਮਾਗ਼ਮ ਮਨਾਉਣ ਦੀ ਹਾਰਦਿਕ ਵਧਾਈ ਦਿੱਤੀ। ਏਸੇ ਤਰ੍ਹਾਂ ਐੱਮ.ਪੀ. ਵਿੱਕ ਢਿੱਲੋਂ ਨੇ ਵੀ ਪ੍ਰਬੰਧਕਾਂ ਨੂੰ ਇਸ ਪ੍ਰੋਗਰਾਮ ਦੀ ਵਧਾਈ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੌਮ ਲਈ ਲਾਸਾਨੀ ਕੁਰਬਾਨੀ ਦਾ ਬਾਖ਼ੂਬੀ ਜ਼ਿਕਰ ਕੀਤਾ। ਉਨ੍ਹਾਂ ਨੇ ਬੰਦਾ ਬਹਾਦਰ ਜੀ ਬਾਰੇ ਪਿਛਲੇ ਕਾਫ਼ੀ ਸਮੇਂ ਤੋਂ ਖੋਜ ਕਰ ਰਹੇ ਮਨਮੋਹਣ ਸਿੰਘ ਭੰਗੂ ਅਤੇ ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਚਨ ਕੀਤਾ।  ਡਾ. ਸੁਖਦੇਵ ਸਿੰਘ ਝੰਡ ਨੇ ਬਾਬਾ ਬੰਦਾ ਬਹਾਦਰ ਜੀ ਦੇ ਸ਼ੁਰੂਆਤੀ ਵੈਰਾਗੀ-ਜੀਵਨ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਬਣਨ ਤੋਂ ਲੈ ਕੇ ਉਨ੍ਹਾਂ ਦੀਆਂ ਸਮਾਣਾ ਤੇ ਸਢੌਰਾ ਦੀਆਂ ਮੁੱਢਲੀਆਂ ਜਿੱਤਾਂ ਅਤੇ ਸਰਹਿੰਦ ਫ਼ਤਿਹ ਕਰਨ ਤੋਂ ਬਾਅਦ ਹੋਰ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸਥਾਨਕ ਆਗੂ-ਜੱਥੇਦਾਰਾਂ ਨੂੰ ਸੌਂਪਣ, ਕਿਸਾਨਾਂ ਤੇ ਜ਼ਿਮੀਂਦਾਰਾਂ ਨੂੰ ਜ਼ਮੀਨ ਦੀ ਮਾਲਕੀਅਤ ਦੇਣ ਅਤੇ ਉਨ੍ਹਾਂ ਲਾਸਾਨੀ ਸ਼ਹੀਦੀ ਦੀ ਗੱਲ ਵਿਸਥਾਰ-ਪੂਰਵਕ ਕੀਤੀ।  ਸਮਾਗ਼ਮ ਦੇ ਮੁੱਖ-ਪ੍ਰਬੰਧਕ ਤੇ ਬੁਲਾਰੇ ਨਮੋਹਣ ਸਿੰਘ ਭੰਗੂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੱਖ-ਵੱਖ ਸਥਾਨਾਂ ‘ਤੇ ਜਾ ਕੇ ਮੌਕੇ ‘ਤੇ ਕੀਤੀ ਖੋਜ ਬਾਰੇ ਚਾਨਣਾ ਪਾਇਆ। ਉਨ੍ਹਾਂ ਇਸ ਦੌਰਾਨ ਆਈਆਂ ਮੁਸ਼ਕਲਾਂ ਬਾਰੇ ਵੀ ਹਾਜ਼ਰੀਨ ਨੂੰ ਜਾਣੂੰ ਕਰਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਖੋਜ ਦੌਰਾਨ 600 ਤੋਂ ਵਧੀਕ ਸਲਾਈਡਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਨੂੰ ਵੇਖਣ ਲਈ ਕਾਫ਼ੀ ਸਮਾਂ ਲੋੜੀਂਦਾ ਹੈ ਪਰ ਇਸ ਪ੍ਰੋਗਰਾਮ ਵਿੱਚ ਸੀਮਤ ਸਮਾਂ ਹੋਣ ਕਰਕੇ ਉਹ ਇਹ ਨਹੀਂ ਵਿਖਾ ਸਕੇ।
ਇਸ ਮੌਕੇ ਹਾਜ਼ਰੀਨ ਵਿੱਚ ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਗਾ ਸਿੰਘ ਹੰਸਰਾ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗੀਆਂ ਸਮੇਤ ਇੰਜੀ.ਦਲਬੀਰ ਸਿੰਘ ਕੰਬੋਜ, ਹਰਭਜਨ ਸਿੰਘ, ਕਰਤਾਰ ਸਿੰਘ ਆਦਿ ਕਈ ਸੀਨੀਅਰਜ਼ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …