ਨਵੀਂ ਦਿੱਲੀ : ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਦਿਆਂ ਭਾਜਪਾ ਨੇ ਖੱਬੇ-ਪੱਖੀਆਂ ਦੇ ਆਖਰੀ ਗੜ੍ਹ ਤ੍ਰਿਪੁਰਾ ‘ਤੇ ਵੀ ਕਬਜ਼ਾ ਜਮਾ ਲਿਆ। ਭਾਜਪਾ ਨੂੰ ਨਾਗਾਲੈਂਡ ਵਿਚ ਸਰਕਾਰ ‘ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ ਜਦਕਿ ਮੇਘਾਲਿਆ ਵਿਚ ਲਟਕਵੀਂ ਵਿਧਾਨ ਸਭਾ ਚੁਣੀ ਗਈ ਹੈ। ਪੰਜ ਸਾਲ ਪਹਿਲਾਂ ਤ੍ਰਿਪੁਰਾ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਇਕ ਵੀ ਸੀਟ ਨਸੀਬ ਨਹੀਂ ਹੋਈ ਸੀ ਪਰ ਐਤਕੀਂ ਉਸ ਨੇ ਆਪਣੇ ਦਮ ‘ਤੇ 35 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ ਪਰ ਭਾਜਪਾ ਦੀ ਭਾਈਵਾਲ ਇੰਡੀਜਿਨਸ ਪੀਪਲਜ਼ ਫਰੰਟ ਆਫ਼ ਤ੍ਰਿਪੁਰਾ (ਆਈਪੀਐਫਟੀ) ਨੂੰ ਅੱਠ ਸੀਟਾਂ ਮਿਲੀਆਂ ਹਨ ਜਿਸ ਨਾਲ ਗਠਜੋੜ ਨੇ 59 ਵਿਚੋਂ ਕੁੱਲ 43 ਸੀਟਾਂ ਹਾਸਲ ਕੀਤੀਆਂ ਹਨ। ਤ੍ਰਿਪੁਰਾ ‘ਤੇ 25 ਸਾਲ ਰਾਜ ਕਰਨ ਵਾਲੀ ਸੀਪੀਐਮ ਨੂੰ 16 ਸੀਟਾਂ ਮਿਲੀਆਂ ਅਤੇ ਕਾਂਗਰਸ ਖਾਤਾ ਖੋਲ੍ਹਣ ਵਿਚ ਨਾਕਾਮ ਰਹੀ। ਨਾਗਾਲੈਂਡ (60 ਸੀਟਾਂ) ਵਿਚ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਬਹੁਮਤ ਨਹੀਂ ਮਿਲਿਆ ਹੈ। ਉਂਜ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਐਨਪੀਐਫ ਦੇ ਆਗੂ ਅਤੇ ਮੁੱਖ ਮੰਤਰੀ ਟੀ ਆਰ ਜ਼ੀਲਿਆਂਗ ਨੇ ਭਾਜਪਾ ਨੂੰ ਨਵੀਂ ਸਰਕਾਰ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਐਨਪੀਐਫ ਅਤੇ ਭਾਜਪਾ ਦੀ ਅਗਵਾਈ ਹੇਠਲੇ ਐਨਡੀਪੀਪੀ ਗਠਜੋੜ ਨੇ 29-29 ਸੀਟਾਂ ਹਾਸਲ ਕੀਤੀਆਂ ਹਨ। ਉਂਜ ਭਾਜਪਾ ਨੂੰ 11 ਸੀਟਾਂ ‘ਤੇ ਜਿੱਤ ਮਿਲੀ ਹੈ। ਕਾਂਗਰਸ ਦਾ ਨਾਗਾਲੈਂਡ ਵਿਚ ਵੀ ਖਾਤਾ ਨਹੀਂ ਖੁੱਲ੍ਹ ਸਕਿਆ ਜਦਕਿ ਦੋ ਹੋਰ ਉਮੀਦਵਾਰਾਂ ਨੇ ਆਪਣੀਆਂ ਸੀਟਾਂ ਜਿੱਤੀਆਂ ਹਨ। ਭਾਜਪਾ ਨੇ ਨਾਗਾਲੈਂਡ ਵਿਚ ਚੋਣਾਂ ਤੋਂ ਐਨ ਪਹਿਲਾਂ ਐਨਪੀਐਫ ਤੋਂ ਨਾਤਾ ਤੋੜ ਕੇ ਨਵੀਂ ਬਣੀ ਐਨ ਰੀਓ ਦੀ ਐਨਡੀਪੀਪੀ ਨਾਲ ਗਠਜੋੜ ਕਰ ਲਿਆ ਸੀ। ਜ਼ੀਲਿਆਂਗ ਨੇ ਕਿਹਾ ਕਿ ਐਨਪੀਐਫ, ਭਾਜਪਾ ਦੀ ਅਗਵਾਈ ਹੇਠਲੀ ਨੌਰਥ-ਈਸਟ ਡੈਮੋਕਰੇਟਿਕ ਅਲਾਇੰਸ ਦਾ ਹਿੱਸਾ ਹੈ ਅਤੇ ਆਸ ਕੀਤੀ ਕਿ ਭਗਵਾਂ ਪਾਰਟੀ ਉਨ੍ਹਾਂ ਨਾਲ ਨਵੀਂ ਸਰਕਾਰ ਬਣਾਏਗੀ। ਉਧਰ ਮੇਘਾਲਿਆ (59 ਸੀਟਾਂ) ਵਿਚ ਮਈ 2009 ਤੋਂ ਸੱਤਾ ਵਿਚ ਰਹੀ ਕਾਂਗਰਸ ਬਹੁਮਤ ਹਾਸਲ ਕਰਨ ਵਿਚ ਨਾਕਾਮ ਰਹੀ ਪਰ 21 ਸੀਟਾਂ ਜਿੱਤ ਕੇ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਇਕ ਸੀਟ ਹੀ ਜਿੱਤ ਸਕੀ ਹੈ ਜਦਕਿ ਭਾਜਪਾ ਨੂੰ ਦੋ ਸੀਟਾਂ ਨਸੀਬ ਹੋਈਆਂ ਪਰ ਉਸ ਦੀ ਭਾਈਵਾਲ ਨੈਸ਼ਨਲ ਪੀਪਲਜ਼ ਪਾਰਟੀ ਨੂੰ 19 ਸੀਟਾਂ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਨਾਗਾਲੈਂਡ ਵਿਚ ਵੀ ਨੈਸ਼ਨਲਿਸਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾ ਲਈ ਹੈ। (ਐਨਡੀਪੀਪੀ) ਦੇ ਨੇਫਯੂ ਰਿਊ ਨੇ ਚੌਥੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਵੀਰਵਾਰ ਨੂੰ ਚੁੱਕੀ।
ਪੈਸੇ ਦੇ ਜ਼ੋਰ ਨਾਲ ਭਾਜਪਾ ਨੇ ਜਿੱਤੀ ਚੋਣ: ਯੇਚੁਰੀઠ
ਨਵੀਂ ਦਿੱਲੀ: ਤ੍ਰਿਪੁਰਾ ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਦਿਆਂ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਸ ਨੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੈਸਿਆਂ ਅਤੇ ਤਾਕਤ ਦੀ ਵਰਤੋਂ ਕੀਤੀ। ਯੇਚੁਰੀ ਨੇ ਕਿਹਾ ਕਿ ਭਾਜਪਾ ਨੇ ਪੈਸੇ ਅਤੇ ਜ਼ੋਰ ਰਾਹੀਂ ਸਾਰੀਆਂ ਖੱਬੇ ਵਿਰੋਧੀ ਤਾਕਤਾਂ ਨੂੰ ਇਕੱਠਾ ਕਰ ਲਿਆ ਜਿਸ ਦੇ ਨਤੀਜੇ ਵਜੋਂ ਉਹ ਚੋਣਾਂ ਜਿੱਤ ਗਏ। ਤ੍ਰਿਪੁਰਾ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਆਖਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਸਾਜ਼ਗਾਰ ਨਹੀਂ ਹੋਣਗੇ। ਟਵੀਟ ਕਰਦਿਆਂ ਖੱਬੇ-ਪੱਖੀ ਆਗੂ ਨੇ ਕਿਹਾ ਕਿ ਉਹ ਭਾਜਪਾ ਅਤੇ ਉਸ ਦੇ ਵੰਡ ਪਾਊ ਏਜੰਡੇ ਦਾ ਵਿਰੋਧ ਕਰਦੇ ਰਹਿਣਗੇ।
Check Also
ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …