Breaking News
Home / ਭਾਰਤ / ਕਰੋਨਾ ਦਾ ਸਭ ਤੋਂ ਖਤਰਨਾਕ ਸਟ੍ਰੇਨ ਓਮੀਕ੍ਰਾਨ

ਕਰੋਨਾ ਦਾ ਸਭ ਤੋਂ ਖਤਰਨਾਕ ਸਟ੍ਰੇਨ ਓਮੀਕ੍ਰਾਨ

ਡੈਲਟਾ ਵੈਰੀਐਂਟ ਨਾਲੋਂ 7 ਗੁਣਾ ਤੇਜ਼ੀ ਨਾਲ ਫੈਲਦਾ ਹੈ ਨਵਾਂ ਵਾਇਰਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰਾਨ ਦੀਆਂ ਸ਼ੁਰੂਆਤੀ ਰਿਪੋਰਟਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਡਬਲਿਊ ਐਚ ਓ ਨੇ ਇਸ ਨੂੰ ਵੈਰੀਐਂਟ ਆਫ਼ ਕਨਸਰਨ ਦੱਸਿਆ ਹੈ। ਦੱਖਣੀ ਅਫਰੀਕਾ ਦੇ 3 ਰਾਜਾਂ ‘ਚ ਰੋਜ਼ਾਨਾ ਮਿਲਣ ਵਾਲੇ 90 ਪ੍ਰਤੀਸ਼ਤ ਕੇਸ ਇਸੇ ਵੈਰੀਐਂਟ ਦੇ ਹਨ ਜੋ 15 ਦਿਨ ਪਹਿਲਾਂ ਸਿਰਫ਼ 1 ਪ੍ਰਤੀਸ਼ਤ ਸੀ। ਵਿਗਿਆਨੀਆਂ ਨੂੰ ਇਸੇ ਗੱਲ ਨੇ ਸਭ ਤੋਂ ਵੱਧ ਡਰਾ ਰੱਖਿਆ ਹੈ ਕਿਉਂਕਿ ਇਹ ਵਾਇਰਸ ਬਹੁਤ ਜ਼ਿਆਦਾ ਤੇਜੀ ਨਾਲ ਫੈਲਣ ਵਾਲਾ ਹੈ। ਰਿਪੋਰਟ ਮੁਤਾਬਕ ਡੈਲਟਾ ਵੈਰੀਐਂਟ ਹੁਣ ਤੱਕ ਦਾ ਸਭ ਤੋਂ ਤੇਜੀ ਨਾਲ ਫੈਲਣ ਵਾਲਾ ਵੈਰੀਐਂਟ ਸੀ ਜਿਸ ਨਾਲ ਦੁਨੀਆ ‘ਚ ਤੀਜੀ ਲਹਿਰ ਆਈ ਸੀ। ਹੁਣ ਓਮੀਕ੍ਰਾਨ ਦੇ ਆਉਣ ਨਾਲ ਨਵੀਂ ਲਹਿਰ ਦਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਇਹ ਡੈਲਟਾ ਵੈਰੀਐਂਟ ਨਾਲੋਂ 7 ਗੁਣਾ ਤੇਜੀ ਨਾਲ ਫੈਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਯੂਰਪੀ ਯੂਨੀਅਨ ਦੇ ਸਾਰੇ 27 ਦੇਸ਼ਾਂ ਨੇ 7 ਅਫਰੀਕੀ ਦੇਸ਼ਾਂ ਦੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਉਧਰ ਦੂਜੇ ਪਾਸੇ ਭਾਰਤ ‘ਚ ਇਸ ਨਵੇਂ ਵੈਰੀਐਂਟ ਦਾ ਤਾਂ ਹਾਲੇ ਤੱਕ ਕੋਈ ਕੇਸ ਨਹੀਂ ਮਿਲਿਆ ਪ੍ਰੰਤੂ ਫਿਰ ਵੀ ਸਿੰਗਾਪੁਰ, ਮੌਰੀਸ਼ਸ਼ ਸਮੇਤ 12 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਨ੍ਹਾਂ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਬੰਦ ਕੀਤਾ ਜਾਵੇ ਜਿਨ੍ਹਾਂ ਦੇਸ਼ਾਂ ਵਿਚ ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆ ਰਿਹਾ ਹੈ ਅਤੇ ਉਹ ਬੜੀ ਤੇਜ਼ੀ ਨਾਲ ਫੈਲ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਬੜੀ ਮੁਸ਼ਕਿਲ ਨਾਲ ਕਰੋਨਾ ਵਾਇਰਸ ਤੋਂ ਉਭਰਿਆ ਹੈ ਅਤੇ ਸਾਨੂੰ ਨਵੇਂ ਰੂਪ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …