ਹੁਣ ਭਲਕੇ 7 ਸਤੰਬਰ ਨੂੰ ਹੋਵੇਗੀ ਕਰਨਾਲ ’ਚ ਮਹਾਪੰਚਾਇਤ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸੰਯੁਕਤ ਕਿਸਾਨ ਮੋਰਚੇ ਵਲੋਂ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਲੰਘੇ ਕੱਲ੍ਹ ਯੂਪੀ ਦੇ ਮੁੱਜਫਰਨਗਰ ਵਿਚ ਕਿਸਾਨ ਮਹਾ ਪੰਚਾਇਤ ਕਰਵਾਈ ਗਈ। ਮੁਜੱਫਰਨਗਰ ਦੀ ਕਿਸਾਨ ਮਹਾ ਪੰਚਾਇਤ ਦੀ ਸਫਲਤਾ ਤੋਂ ਬਾਅਦ ਹੁਣ 7 ਸਤੰਬਰ ਨੂੰ ਕਰਨਾਲ ਵਿਚ ਕਿਸਾਨ ਮਹਾਂ ਪੰਚਾਇਤ ਹੋਵੇਗੀ। ਮੁਜੱਫਰਨਗਰ ਦੀ ਮਹਾ ਪੰਚਾਇਤ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ ਅਤੇ ਕਿਸਾਨਾਂ ਦੀ ਏਨੀ ਵੱਡੀ ਗਿਣਤੀ ਦੇਖ ਕੇ ਭਾਜਪਾ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਮੌਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੂਰੇ ਦੇਸ਼ ਨੂੰ ਵੇਚ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਵਿਚ ਲੜਾਈ ਲੜਦੇ ਹਨ। ਇਸ ਮੌਕੇ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁਜੱਫਰਨਗਰ ਦੀ ਰੈਲੀ ਨੇ ਸਾਬਤ ਕਰ ਦਿੱਤਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਨੁਕਸਦਾਰ ਹਨ ਅਤੇ ਇਹ ਕਾਨੂੰਨ ਮੋਦੀ ਸਰਕਾਰ ਨੂੰ ਵਾਪਸ ਲੈਣੇ ਹੀ ਪੈਣਗੇ। ਕਿਸਾਨ ਮਹਾ ਪੰਚਾਇਤ ਦੌਰਾਨ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਵੀ ਕੀਤਾ ਗਿਆ।