ਪੰਜਾਬ ਵਿਜੀਲੈਂਸ ਕਾਰਵਾਈ ਕਰੇ ਤਾਂ ਭ੍ਰਿਸ਼ਟਾਚਾਰ ‘ਤੇ ‘ਵਾਰ’ ,ਸੀ.ਬੀ.ਆਈ ਕਾਰਵਾਈ ਕਰੇ ਤਾਂ ‘ਅੱਤਿਆਚਾਰ’
ਸਿਆਸੀ ਆਗੂਆਂ ਨੇ ਘੇਰੀ ਪੰਜਾਬ ਅਤੇ ਦਿੱਲੀ ਦੀ ‘ਆਪ’ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਲੀਡਰਸ਼ਿਪ ਵਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਪਿਛਲੀ ਕਾਂਗਰਸ ਸਰਕਾਰ ਦੇ ਵਜ਼ੀਰਾਂ ਅਤੇ ਕਾਂਗਰਸੀ ਆਗੂਆਂ ‘ਤੇ ਕਈ ਮਾਮਲਿਆਂ ਵਿਚ ਪੰਜਾਬ ਵਿਜੀਲੈਂਸ ਵਲੋਂ ਸ਼ਿਕੰਜਾ ਵੀ ਕੱਸਿਆ ਗਿਆ। ਕਈ ਸਾਬਕਾ ਵਜ਼ੀਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸੂਬੇ ਦੀ ‘ਆਪ’ ਸਰਕਾਰ ਵਲੋਂ ਇਸ ਨੂੰ ਭ੍ਰਿਸ਼ਟਾਚਾਰ ‘ਤੇ ਵੱਡਾ ‘ਵਾਰ’ ਦੱਸਿਆ ਜਾਂਦਾ ਰਿਹਾ ਹੈ। ਹਾਲਾਂਕਿ ਜਿਸ ਨੇ ਵੀ ਗ਼ਲਤ ਕੰਮ ਕੀਤਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਸ ਖ਼ਿਲਾਫ਼ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕਾਰਵਾਈ ਕਰਨੀ ਵੀ ਚਾਹੀਦੀ ਹੈ, ਪਰ ਜੇਕਰ ਅਜਿਹੀ ਕਾਰਵਾਈ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਕਿਸੇ ਸੂਬੇ ‘ਚ ਕਿਸੇ ਪਾਰਟੀ ਦੇ ਆਗੂ ਜਾਂ ਮੰਤਰੀ ਖ਼ਿਲਾਫ਼ ਕਰੇ ਤਾਂ ਉਸ ਨੂੰ ਵੀ ਭ੍ਰਿਸ਼ਟਾਚਾਰ ‘ਤੇ ਵਾਰ ਹੀ ਦੱਸਿਆ ਜਾਣਾ ਚਾਹੀਦਾ ਹੈ ਨਾ ਕਿ ‘ਅੱਤਿਆਚਾਰ’। ਪਰ ਪੰਜਾਬ ਅਤੇ ਦਿੱਲੀ ਵਿਚਲੇ ‘ਆਪ’ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ‘ਚ ਹੁੰਦੀ ਵਿਜੀਲੈਂਸ ਕਾਰਵਾਈ ਨੂੰ ਤਾਂ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਦੱਸਦੇ ਹਨ, ਪਰ ਜੇਕਰ ਦਿੱਲੀ ‘ਚ ਕਿਸੇ ‘ਆਪ’ ਆਗੂ ਖ਼ਿਲਾਫ਼ ਸੀ.ਬੀ.ਆਈ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ ਜਾਂਦਾ ਹੈ। ਜਿਸ ਸੰਬੰਧੀ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ‘ਤੇ ਸਿਆਸੀ ਪਾਰਟੀਆਂ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਦੋਹਰਾ ਚਿਹਰਾ ਦਿਖਾ ਰਹੀ ਹੈ। ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ‘ਆਪ’ ਆਗੂ ਪੰਜਾਬ ‘ਚ ਖ਼ੁਦ ਆਪਣੀ ਹੀ ਸਰਕਾਰ ਹੁੰਦੇ ਹੋਏ ਭ੍ਰਿਸ਼ਟਾਚਾਰ ਦੇ ਕੇਸਾਂ ‘ਚ ਫਸ ਰਹੇ ਹਨ।
ਪੰਜਾਬ ‘ਚ ਜੇਕਰ ਕਿਸੇ ਹੋਰ ਪਾਰਟੀ ਦੇ ਆਗੂਆਂ ‘ਤੇ ਵਿਜੀਲੈਂਸ ਕਾਰਵਾਈ ਕਰਦੀ ਹੈ ਤਾਂ ‘ਆਪ’ ਆਗੂ ਖ਼ੁਸ਼ ਹੁੰਦੇ ਹਨ ਅਤੇ ਇਹ ਸੰਦੇਸ਼ ਦਿੰਦੇ ਹਨ ਕਿ ਸੂਬੇ ‘ਚੋਂ ਭ੍ਰਿਸ਼ਟਾਚਾਰ ਮੁਕਾਇਆ ਜਾ ਰਿਹਾ ਹੈ, ਪਰ ਜੇਕਰ ਅਜਿਹੀ ਹੀ ਕਾਰਵਾਈ ਸੀ.ਬੀ.ਆਈ ‘ਆਪ’ ਆਗੂਆਂ ਖ਼ਿਲਾਫ਼ ਕਰਦੀ ਹੈ ਤਾਂ ‘ਆਪ’ ਆਗੂ ਇਸ ਨੂੰ ਧੱਕੇਸ਼ਾਹੀ, ਅੱਤਿਆਚਾਰ ਅਤੇ ਹੋਰ ਕਈ ਨਾਂਅ ਦੇ ਦਿੰਦੇ ਹਨ।
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਹੋ ਚੁੱਕਾ ਹੈ।
ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਇਨ੍ਹਾਂ ਦੇ ਖ਼ੁਦ ਦੇ ਆਗੂ, ਮੰਤਰੀ ਤੇ ਵਿਧਾਇਕਾਂ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਕਰਕੇ ਇਹ ਇਸ ਨੂੰ ਭ੍ਰਿਸ਼ਟਾਚਾਰ ‘ਤੇ ਚੋਟ ਦੱਸਦੇ ਹਨ ਪਰ ਜਦੋਂ ਖ਼ੁਦ ‘ਤੇ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਗਲਤ ਦੱਸ ਕੇ ਪ੍ਰਦਰਸ਼ਨ ਕਰਨ ਲੱਗਦੇ ਹਨ।
ਪੰਜਾਬ ‘ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰੀਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਰਗੇ ‘ਆਪ’ ਆਗੂ ਜੋ ਦਿੱਲੀ ਅਤੇ ਪੰਜਾਬ ਦੋਵਾਂ ਵਿਚ ਉੱਚ ਸੰਵਿਧਾਨਕ ਅਹੁਦਿਆਂ ‘ਤੇ ਬਿਰਾਜਮਾਨ ਹਨ, ਆਪਣੀ ਹੀ ਪਾਰਟੀ ਵਿਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਦਾ ਇਰਾਦਾ ਰੱਖਦੇ ਹਨ? ਕੀ ਉਹ ਦੋਵੇਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦਾ ਪਾਲਣ ਕਰਨ ਦੇ ਆਪਣੇ ਵਾਅਦੇ ਨੂੰ ਭੁੱਲ ਗਏ ਹਨ ਜਾਂ ਉਨ੍ਹਾਂ ਨੇ ਸਿਰਫ਼ ਸੱਤਾ ਵਿਚ ਰਹਿਣ ਲਈ ਤਿਆਗ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ‘ਆਪ’ ਆਗੂਆਂ ਦਾ ਦੋਹਰਾ ਚਿਹਰਾ ਤਾਂ ਪਹਿਲਾ ਵੀ ਕਈ ਵਾਰ ਸਾਹਮਣੇ ਆ ਚੁੱਕਾ ਹੈ।
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸ਼ਰਾਬ ਘੁਟਾਲੇ ‘ਚ ਗ੍ਰਿਫ਼ਤਾਰੀ ਤੋਂ ਪਹਿਲਾ ਕੇਜਰੀਵਾਲ ਦਬਕੇ ਮਾਰਦੇ ਰਹੇ ਹਨ ਕਿ ਜੇਕਰ ਭ੍ਰਿਸ਼ਟਾਚਾਰ ਨੂੰ ਲੈ ਕੇ ਕੋਈ ਸਬੂਤ ਸਾਡੇ ਆਗੂਆਂ ਖ਼ਿਲਾਫ਼ ਮਿਲਦੇ ਹਨ ਤਾਂ ਗ੍ਰਿਫਤਾਰ ਕਰਕੇ ਦਿਖਾਓ ਅਤੇ ਜਦੋਂ ਹੁਣ ਗ੍ਰਿਫਤਾਰ ਕਰ ਲਿਆ ਤਾਂ ਉਸ ਨੂੰ ਲੋਕਤੰਤਰ ਦੀ ਹੱਤਿਆ ਦੱਸ ਕੇ ਗਲਤ ਠਹਿਰਾ ਰਹੇ ਹਨ ਜਦਕਿ ਪੰਜਾਬ ‘ਚ ਕਾਂਗਰਸੀ ਆਗੂਆਂ ਖ਼ਿਲਾਫ਼ ਅਜਿਹੀ ਕਾਰਵਾਈ ਨੂੰ ਵੱਡਾ ਮਾਰਕਾ ਦੱਸਦੇ ਆਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਹੁਣ ਅਦਾਲਤੀ ਕਾਰਵਾਈ ‘ਚ ਭਰੋਸਾ ਰੱਖਣ, ਜੇਕਰ ਉਹ ਸਾਫ਼ ਅਤੇ ਇਮਾਨਦਾਰ ਹੋਣਗੇ ਤਾਂ ਜ਼ਰੂਰ ਇਨਸਾਫ਼ ਮਿਲੇਗਾ ਅਤੇ ਉਹ ਰਿਹਾਅ ਹੋ ਜਾਣਗੇ।