ਕੈਪਟਨ ਕੰਵਲਜੀਤ ਦੀ ਪਤਨੀ ਤੇ ਧੀ, ਕੈਪਟਨ ਬਾਠ, ਬਰਸਟ ਤੇ ਗਾਇਕ ਸੁੱਖੀ ‘ਆਪ’ ਵਿਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਜਥੇਬੰਦਕ ਆਗੂ ਦੁਰਗੇਸ਼ ਪਾਠਕ ਦੇ 12 ਦਿਨਾਂ ਬਾਅਦ ਧਿਆਨ ਪ੍ਰੋਗਰਾਮ ਵਿਪਾਸਨਾ ਤੋਂ ਪਰਤਦਿਆਂ ਹੀ ਹੋਰ ਪਾਰਟੀਆਂ ਦੇ ਆਗੂਆਂ ਦੀ ‘ਆਪ’ ਵਿੱਚ ਆਮਦ ਸ਼ੁਰੂ ਹੋ ਗਈ ਹੈ।
ਪੰਜਾਬ ਦੇ ਅਕਾਲੀ ਦਲ ਨਾਲ ਸਬੰਧਤ ਮਰਹੂਮ ਖ਼ਜ਼ਾਨਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਤੇ ਧੀ ਮਨਪ੍ਰੀਤ ਕੌਰ ਡੌਲੀ ‘ਆਪ’ ਵਿੱਚ ਸ਼ਾਮਲ ਹੋ ਗਏ। ਦੱਸਣਯੋਗ ਹੈ ਕਿ ਮਨਪ੍ਰੀਤ ਡੌਲੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਸੀ।
ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਰਹੇ ਕੈਪਟਨ ਬਲਬੀਰ ਸਿੰਘ ਬਾਠ ਨੇ ਵੀ ‘ਆਪ’ ਦਾ ਪੱਲਾ ਫੜ ਲਿਆ।
ਦੱਸਣਯੋਗ ਹੈ ਕਿ ਕੈਪਟਨ ਬਾਠ ਸ਼੍ਰੋਮਣੀ ਅਕਾਲੀ ਦਲ ਦੇ ਰਵਾਇਤੀ ਆਗੂ ਮੰਨੇ ਜਾਂਦੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਰਹੇ ਅਤੇ ਸੈਕੂਲਰ ਲੋਕ ਰਾਜ ਪਾਰਟੀ ਦੇ ਪ੍ਰਧਾਨ ਹਰਚੰਦ ਸਿੰਘ ਬਰਸਟ ਨੇ ਵੀ ਆਪਣੀ ਪਾਰਟੀ ਨੂੰ ‘ਆਪ’ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ। ‘ਵੰਗਾਂ ਮੇਚ ਨਾ ਆਈਆਂ’ ਗਾਣੇ ਨਾਲ ਪ੍ਰਸਿੱਧ ਹੋਏ ਗਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਵੀ ‘ਆਪ’ ਦੀ ਸੁਰ ਵਿੱਚ ਸੁਰ ਮਿਲਾਉਣ ਦਾ ਐਲਾਨ ਕੀਤਾ। ‘ਆਪ’ ਦੇ ਕੌਮੀ ਬੁਲਾਰੇ ਤੇ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ, ਪਿਛਲੇ ਸਮੇਂ ਤੋਂ ਨਾਰਾਜ਼ ਚੱਲਦੇ ਆ ਰਹੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ, ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ, ਕਿਸਾਨ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਪਾਰਟੀ ਦੇ ਬੁਲਾਰੇ ਤੇ ਕੋਟਕਪੁਰਾ ਤੋਂ ਉਮੀਦਵਾਰ ਕੁਲਬੀਰ ਸਿੰਘ ਸੰਧਵਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਨ੍ਹਾਂ ਸਾਰੇ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸੰਜੈ ਸਿੰਘ ਨੇ ਕਿਹਾ ਕਿ 10 ਦਿਨਾਂ ਦੌਰਾਨ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …