‘ਪਵਣੁ ਗੁਰੂ ਪਾਣੀ ਪਿਤਾ’ ਦਾ ਸੰਕਲਪ ਹੋਵੇਗਾ ਲਾਗੂ, ਗੁਰਦੁਆਰਿਆਂ ਵਿਚ ਲਾਏ ਜਾਣਗੇ ਵਾਟਰ ਸੇਵ ਟਰੀਟਮੈਂਟ ਪਲਾਂਟ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਦੇ ਮੰਤਵ ਨਾਲ ਆਪਣੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ ਵਾਟਰ ਸੇਵ ਟਰੀਟਮੈਂਟ ਪਲਾਂਟ ਲਾਉਣ ਦੀ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਪਹਿਲੇ ਪੜਾਅ ਵਿੱਚ ਏ-ਸ਼੍ਰੇਣੀ ਦੇ ਗੁਰਦੁਆਰਿਆਂ ਵਿੱਚ ਇਹ ਪਲਾਂਟ ਲਾਏ ਜਾਣਗੇ। ਇਸ ਯੋਜਨਾ ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕੀਤੇ ਗਏ ਹਨ। ਪਹਿਲਾਂ ਨੰਨ੍ਹੀ ਛਾਂ ਯੋਜਨਾ ਹੇਠ ਲੱਖਾਂ ਦੀ ਗਿਣਤੀ ਵਿੱਚ ਬੂਟੇ ਪ੍ਰਸ਼ਾਦਿ ਦੇ ਰੂਪ ਵਿੱਚ ਲੋਕਾਂ ਨੂੰ ਵੰਡੇ ਗਏ ਸਨ ਅਤੇ ਆਪਣੇ ਪ੍ਰਬੰਧ ਹੇਠਲੀਆਂ ਸੰਸਥਾਵਾਂ ਦੀ ਜ਼ਮੀਨ ਵਿੱਚ ਬੂਟੇ ਲਾਏ ਜਾਂਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੁਦਰਤੀ ਖੇਤੀ ਦੀ ਵੀ ਸ਼ੁਰੂਆਤ ਕੀਤੀ ਗਈ ਹੈ ઠਅਤੇ ਇਸ ਖੇਤੀ ਰਾਹੀਂ ਪੈਦਾ ਹੋਈਆਂ ਉਪਜਾਂ ਨੂੰ ਇੱਥੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੰਗਤ ਦੇ ਲੰਗਰ ਲਈ ਵਰਤਿਆ ਜਾ ਰਿਹਾ ਹੈ।ਸਿੱਖ ਸੰਸਥਾ ਵੱਲੋਂ ਹੁਣ ਬਾਰਸ਼ ਦੇ ਪਾਣੀ ਨੂੰ ਬਚਾਉਣ ਤੇ ਸੰਭਾਲਣ ਦੇ ਮੰਤਵ ਨਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਵਾਟਰ ਹਾਰਵੈਸਟਿੰਗ ਦੇ ਚਾਰ ਬੋਰ ਕੀਤੇ ਹੋਏ ਹਨ, ਜਿਸ ਰਾਹੀਂ ਬਾਰਸ਼ ਦੇ ਪਾਣੀ ਨੂੰ ਜ਼ਮੀਨ ਹੇਠਾਂ ਭੇਜਣ ਦਾ ਪ੍ਰਬੰਧ ਕੀਤਾ ਗਿਆ। ਹੁਣ ਇਸੇ ਯੋਜਨਾ ਦਾ ਹੋਰ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਏ-ਸ਼੍ਰੇਣੀ ਦੇ ਲਗਭਗ 30 ਤੋਂ 35 ਗੁਰਦੁਆਰਿਆਂ ਵਿੱਚ ਵਾਟਰ ਸੇਵ ਟਰੀਟਮੈਂਟ ਪਲਾਂਟ ਲਾਉਣ ਦੀ ਯੋਜਨਾ ਹੈ। ਇਸ ਯੋਜਨਾ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਯੋਜਨਾ ਦੇ ਪਹਿਲੇ ਪੜਾਅ ਹੇਠ 30 ਤੋਂ 35 ਗੁਰਦੁਆਰਿਆਂ ਵਿੱਚ ਇਹ ਪਲਾਂਟ ਸਥਾਪਤ ਕੀਤੇ ਜਾਣਗੇ ਅਤੇ ਹਰੇਕ ਪਲਾਂਟ ‘ਤੇ ਲਗਪਗ ਦੋ ਲੱਖ ਰੁਪਏ ਖਰਚ ਹੋਣਗੇ। ਇਹ ਪਲਾਂਟ ਸਥਾਪਤ ਹੋਣ ਨਾਲ ਇਨ੍ਹਾਂ ਗੁਰਦੁਆਰਿਆਂ ਵਿੱਚ ਬਾਰਸ਼ ਦੇ ਪਾਣੀ ਨੂੰ ਸੰਭਾਲਿਆ ਜਾ ਸਕੇਗਾ।
ਪੀਲੀਭੀਤ ਪੀੜਤਾਂ ਨੂੰ ਮਿਲੇਗੀ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ
ਸ਼੍ਰੋਮਣੀ ਕਮੇਟੀ ਨੇ ਪੀਲੀਭੀਤ (ਯੂ.ਪੀ.) ਵਿੱਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਯਾਤਰੀਆਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ઠਹੈ। ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ 1991 ਨੂੰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ, ਤਖ਼ਤ ਪਟਨਾ ਸਾਹਿਬ ਤੇ ਤਖ਼ਤ ਹਜ਼ੂਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੀ ਯਾਤਰਾ ਕਰਕੇ ਪਰਤ ਰਹੇ 25 ਸਿੱਖ ਯਾਤਰੀਆਂ ਦੇ ਜਥੇ ਵਿੱਚੋਂ 10 ਸਿੱਖ ਯਾਤਰੀਆਂ ਨੂੰ ਪੁਲਿਸ ਨੇ ਬੱਸ ਵਿੱਚੋਂ ਉਤਾਰ ਲਿਆ ਸੀ ਅਤੇ ਤਿੰਨ ਥਾਣਾ ਖੇਤਰਾਂ ਵਿਚ ਪੁਲਿਸ ਮੁਕਾਬਲਾ ਦਿਖਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਿੱਖ ਯਾਤਰੀਆਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਖਸਤਾ ਹੋਣ ਕਾਰਨ ਉਨ੍ਹਾਂ ਵਿੱਚੋਂ ਛੇ ਪੀੜਤ ਪਰਿਵਾਰਾਂ ਵੱਲੋਂ ਮਾਇਕ ਮੱਦਦ ਵਾਸਤੇ ਅਪੀਲ ਕੀਤੀ ਗਈ ਸੀ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …