ਨਵੀਂ ਪਾਰਟੀ ਬਣਾਉਣ ਦੇ ਦਿੱਤੇ ਸੰਕੇਤ
ਗੁਰਦਾਸਪੁਰ : ਆਮ ਆਦਮੀ ਪਾਰਟੀ ਵਿੱਚੋਂ ਸੂਬਾ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ਗੁਰਦਾਸਪੁਰ ‘ਚ ਰੈਲੀ ਕਰਕੇ ਪੰਜਾਬ ਵਿੱਚ ਪਰਿਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਥਾਨਕ ਪ੍ਰੈਜ਼ੀਡੈਂਟ ਪਾਰਕ ਵਿੱਚ ਆਪਣੇ ਹਮਾਇਤੀਆਂ ਦਾ ਇੱਕਠ ਕੀਤਾ। ਰੈਲੀ ਮੌਕੇ ਸੰਬੋਧਨ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਬਿਤਾਈ ਹੈ ਅਤੇ ਦਿਨ-ਰਾਤ ਇੱਕ ਕਰਕੇ ‘ਆਪ’ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਸੀ ਪ੍ਰੰਤੂ ਅਰਵਿੰਦ ਕੇਜਰੀਵਾਲ ਨੇ ਆਪਣਾ ਰਾਹ ਸਾਫ਼ ਕਰਨ ਲਈ ਬੇਬੁਨਿਆਦ ਦੋਸ਼ ਲਾ ਕੇ ਉਨ੍ਹਾਂ ਦੇ ਸਿਆਸੀ ਜੀਵਨ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਥ ਦੇ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਹੈ ਅਤੇ ਹੁਣ ਕੇਜਰੀਵਾਲ ਨਾਲ ਖੜ੍ਹਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਮਗਜ਼ੇ ਮਾਰਨ ਵਾਲੀ ‘ਆਪ’ ਨੇ 20 ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ, ਜਿਨ੍ਹਾਂ ਖਿਲਾਫ਼ ਵੱਖ-ਵੱਖ ਮਾਮਲੇ ਦਰਜ ਹਨ। ‘ਆਪ’ ਨੇ ਪੈਸਿਆਂ ਦੀ ਖ਼ਾਤਰ ਭ੍ਰਿਸ਼ਟ ਅਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਾਲੰਟੀਅਰਾਂ ਦੇ ਬਲਬੂਤੇ ਉਨ੍ਹਾਂ ਨੇ ਦਿੱਲੀ ਸਰਕਾਰ ਬਣਾਉਣ ਮੌਕੇ ਕੇਜਰੀਵਾਲ ਨੂੰ 22 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਨੇ ‘ਬੇਈਮਾਨ ਭਜਾਓ ਪੰਜਾਬ ਬਚਾਓ’ ਯਾਤਰਾਵਾਂ ਅਤੇ ਦਰਜਨਾਂ ਕਾਨਫੰਰਸਾਂ ਕਰਕੇ ਲੱਖਾਂ ਰੁਪਏ ਖਰਚ ਕੀਤੇ ਸਨ ਪ੍ਰੰਤੂ ਕੇਜਰੀਵਾਲ ਨੇ ਕਦੇ ਇੱਕ ਫੁੱਟੀ-ਕੌਡੀ ਵੀ ਨਹੀਂ ਦਿੱਤੀ ਸੀ।
ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਤੰਗ ਹੋਣ ਕਰਕੇ ‘ਆਪ’ ਤੋਂ ਇੱਕ ਨਵਾਂ ਬਦਲ ਆਉਣ ਦੀ ਆਸ ਕੀਤੀ ਸੀ। ਹੁਣ ਉਹ 16 ਸਤੰਬਰ ਤੱਕ ਪੰਜਾਬ ਭਰ ਵਿੱਚ ਪਰਿਵਰਤਰਨ ਯਾਤਰਾ ਦੌਰਾਨ ਸੂਬੇ ਦੇ ਅਮਨ-ਪਸੰਦ ਅਤੇ ਪੰਜਾਬ ਦਾ ਭਲਾ ਚਾਹੁਣ ਵਾਲੇ ਵਾਲੰਟੀਅਰਾਂ ਦੀ ਸਹਿਮਤੀ ਨਾਲ ਪਾਰਟੀ ਬਣਾਉਣ ਦਾ ਫ਼ੈਸਲਾ ਲੈਣਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …