ਸਰਕਾਰੀ ਲਾਪ੍ਰਵਾਹੀ: ਜਨਮ ਦਿਨ ‘ਤੇ ਸ਼ਹੀਦੀ ਦਾ ਇਸ਼ਤਿਹਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰੰਘਰੇਟਾ-ਗੁਰੂ ਕਾ ਬੇਟਾ ਦੇ ઠਖ਼ਿਤਾਬ ਨਾਲ ਸਨਮਾਨੇ ਗਏ ਬਾਬਾ ਜੀਵਨ ਸਿੰਘ ਉਰਫ਼ ਭਾਈ ਜੈਤਾ ਜੀ ਦੇ 5 ਸਤੰਬਰ ਨੂੰ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਵਸ ਦੇ ਦਿੱਤੇ ਇਸ਼ਤਿਹਾਰ ਨਾਲ ਸਰਕਾਰੀ ਤੰਤਰ ਦੀ ਲਾਪ੍ਰਵਾਹੀ ਦੀ ਪੋਲ ਖੁੱਲ੍ਹ ਗਈ ਹੈ। ઠਇਤਿਹਾਸ ਅਨੁਸਾਰ ਬਾਬਾ ਜੀਵਨ ਸਿੰਘ ਦਾ ਜਨਮ ઠ5 ਸਤੰਬਰ 1658 ਈਸਵੀ ਨੂੰ ਹੋਇਆ ਸੀ ਅਤੇ ਚਮਕੌਰ ਦੀ ਗੜ੍ਹੀ ਵਿੱਚ ਮੁਗਲਾਂ ਨਾਲ ਟੱਕਰ ਲੈਂਦਿਆਂ ਉਹ 23 ਦਸੰਬਰ 1705 ਨੂੰ ਸ਼ਹੀਦ ਹੋ ਗਏ ਸਨ।
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਛਪੇ ਇਸ਼ਤਿਹਾਰ ਵਿੱਚ ਸਰਕਾਰ ਨੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਹੈ। ਸਿੱਖਾਂ ਦੇ ਚੇਤਨ ਵਰਗ ਵਿੱਚ ਇਹ ਮੁੱਦਾ ਦਿਨ ਭਰ ਚਰਚਾ ਵਿੱਚ ਰਿਹਾ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਪੰਜਾਬੀਆਂ ਅਤੇ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਲਾਪ੍ਰਵਾਹੀ ਲਈ ਪੰਜਾਬ ਸਰਕਾਰ ਨੇ ਮੰਗੀ ਮੁਆਫ਼ੀ
ਜਨਮ ਦਿਹਾੜੇ ਨੂੰ ਸ਼ਹੀਦੀ ਦਿਹਾੜਾ ਲਿਖਣ ਦੀ ਹੋਈ ਗ਼ਲਤੀ ਲਈ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਪੀ ਐਸ ਕਾਲੜਾ ਨੇ ਬਾਬਾ ਤੀਰਥ ਸਿੰਘ ਕੋਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਮੁਆਫ਼ੀ ਮੰਗ ਲਈ ਹੈ।
ਗਲਤੀ ਮੁਆਫੀਯੋਗ ਨਹੀਂ : ਬੀਰ ਦਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਬਾਦਲ ਸਰਕਾਰ ਦੀ ਇਸ ਗਲਤੀ ਨੂੰ ਨਾ-ਮੁਆਫ਼ੀ ਯੋਗ ਗੁਨਾਹ ਦੱਸਿਆ ਹੈ। ਉਨ੍ਹਾਂ ਲੋਕ ਸੰਪਰਕ ਵਿਭਾਗ, ਜਿਹੜਾ ਇਸ਼ਤਿਹਾਰ ਜਾਰੀ ਕਰਦਾ ਹੈ, ਉਸਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਅਸਤੀਫ਼ੇ ਦੀ ਤੇ ਇਸ਼ਤਿਹਾਰਾਂ ਦਾ ਸਾਰਾ ਖਰਚ ਉਸਦੀ ਜੇਬ ਵਿਚੋਂ ਵਸੂਲਣ ਦੀ ਮੰਗ ਕੀਤੀ।