Breaking News
Home / ਪੰਜਾਬ / ਸਿੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ‘ਸਿੱਖਿਆ ਲੰਗਰ’ ਲਹਿਰ ਸ਼ੁਰੂ

ਸਿੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ‘ਸਿੱਖਿਆ ਲੰਗਰ’ ਲਹਿਰ ਸ਼ੁਰੂ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਹੇਠ ਸ਼ੁਰੂ ਹੋਵੇਗੀ ਲਹਿਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ‘ਸਿੱਖਿਆ ਲੰਗਰ’ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਅੰਮ੍ਰਿਤਸਰ ‘ਚ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਸਾਹਨੀ ਨੇ ਦੱਸਿਆ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਸਿੱਖਿਆ ਲੰਗਰ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲਹਿਰ ਦਾ ਮੁੱਖ ਏਜੰਡਾ ਸਿੱਖ ਨੌਜਵਾਨਾਂ ਵਿੱਚ ਹੁਨਰ ਪੈਦਾ ਕਰਨਾ ਹੈ ਤਾਂ ਕਿ ਉਹ ਵਧੇਰੇ ਨੌਕਰੀਆਂ ਪ੍ਰਾਪਤ ਕਰ ਸਕਣ। ਇਸ ਸਬੰਧ ਵਿਚ ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ। ਸਿੱਖ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਸਨਅਤੀ ਸੰਪਰਕ ਨਾਲ ਜੋੜਿਆ ਜਾਵੇਗਾ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਲੰਗਰ ਲਹਿਰ ਨੂੰ ਅਪਣਾਉਣ ਤਾਂ ਕਿ ਵੱਧ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਹੁਨਰਮੰਦ ਬਣਨ ਦਾ ਮੌਕਾ ਮਿਲ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਪੰਜ ਮਤੇ ਪਾਸ ਕੀਤੇ ਹਨ ਜਿਸ ਰਾਹੀਂ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਗੁਰਦੁਆਰੇ ਦੇ ਬਜਟ ਦਾ 15 ਤੋਂ 25 ਫੀਸਦ ਹਿੱਸਾ ਸਿੱਖਿਆ ਲਈ ਖਰਚ ਕਰਨ। ਮਤੇ ਵਿਚ ਕਿਹਾ ਗਿਆ ਹੈ ਕਿ ਹਰ ਗੁਰਦੁਆਰੇ ਦੀ ਇੱਕ ਸਿੱਖਿਆ ਕਮੇਟੀ ਹੋਣੀ ਚਾਹੀਦੀ ਹੈ, ਗੁਰਦੁਆਰਿਆਂ ਨੂੰ ਇਸ ਸਿੱਖਿਆ ਫੰਡ ਨੂੰ ਖਰਚ ਕਰਨ ਲਈ ਇੱਕ ਰੂਪ ਰੇਖਾ ਤਿਆਰ ਕਰਨੀ ਚਾਹੀਦੀ ਹੈ ਜਿਸ ਤਹਿਤ ਉੱਚ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
ਇੱਕ ਮਤੇ ਰਾਹੀਂ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਗੁਰਦੁਆਰੇ ਨੂੰ ਇੱਕ ਹੁਨਰ ਕੇਂਦਰ ਸਥਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਹੁਨਰ ਕੇਂਦਰਾਂ ਦੇ ਖਰਚੇ ਦਾ 20 ਫ਼ੀਸਦ ਹਿੱਸਾ ਸਾਹਨੀ ਵੱਲੋਂ ਅਦਾ ਕੀਤਾ ਜਾਵੇਗਾ। ਸਾਹਨੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸੰਨ ਫ਼ਾਊਂਡੇਸ਼ਨ ਇਸ ਲਹਿਰ ਵਿਚ ਇੱਕ ਵਿਸ਼ਾ ਮਾਹਿਰ ਵਜੋਂ ਭਾਈਵਾਲੀ ਕਰੇਗੀ।
ਉਨ੍ਹਾਂ ਨੇ 30 ਤੋਂ ਵੱਧ ਹੁਨਰ ਕੋਰਸ ਤਿਆਰ ਕੀਤੇ ਹਨ ਅਤੇ ਇਹ ਗੁਰਦੁਆਰਿਆਂ ਵਿੱਚ ਨੌਜਵਾਨਾਂ ਨੂੰ ਪੜ੍ਹਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਸਕਿਲਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇਨ੍ਹਾਂ ਕੋਰਸਾਂ ਦਾ ਪਾਠਕ੍ਰਮ ਤਿਆਰ ਕੀਤਾ ਜਾਵੇਗਾ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …