ਪੰਜਾਬ ‘ਚ ਟਰੈਕਟਰਾਂ ‘ਤੇ ਸਵਾਰ ਹੋਈ ਸਿਆਸਤ
ਖੇਤੀ ਕਾਨੂੰਨਾਂ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ : ਰਾਹੁਲ
ਬੋਲੇ – ਕਿਸਾਨੀ ਨਾਲ ਜੁੜੇ ਲੱਖਾਂ ਲੋਕਾਂ ਦੇ ਰੁਜ਼ਗਾਰ ਜਾਣਗੇ, ਇਹ ਪੂਰੇ ਦੇਸ਼ ਦੀ ਲੜਾਈ
ੲ ਪੰਜਾਬ ਦੀ ਕੀਤੀ ਤਾਰੀਫ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਨੇ 4 ਤੋਂ 6 ਅਕਤੂਬਰ ਤੱਕ ਪੰਜਾਬ ਵਿਚ ਟਰੈਕਟਰ ਰੈਲੀਆਂ ਕੀਤੀਆਂ। ਇਨ੍ਹਾਂ ਟਰੈਕਟਰ ਰੈਲੀਆਂ ਦੀ ਸ਼ੁਰੂਆਤ ਮੋਗਾ ਦੇ ਕਸਬਾ ਬੱਧਨੀ ਕਲਾਂ ਤੋਂ ਹੋਈ ਅਤੇ ਪਟਿਆਲਾ ਵਿਚ ਸਮਾਪਤੀ ਹੋਈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਆਪ ਖੁਦ ਟਰੈਕਟਰ ਚਲਾ ਕੇ ਹਰਿਆਣਾ ਵਿਚ ਐਂਟਰੀ ਕੀਤੀ। ਇਨ੍ਹਾਂ ਰੈਲੀਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ। ਰੈਲੀਆਂ ਦੇ ਆਖਰੀ ਦਿਨ ਪਟਿਆਲਾ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਕਿਸਾਨੀ ਅਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦੇਣਗੇ। ਕੇਂਦਰ ਸਰਕਾਰ ਕਿਸਾਨਾਂ, ਛੋਟੇ ਵਪਾਰੀਆਂ ਅਤੇ ਨੌਜਵਾਨਾਂ ਨੂੰ ਆਪਣੇ ਬਸ ਵਿਚ ਨਹੀਂ ਕਰ ਸਕਦੀ ਹੈ। ਰਾਹੁਲ ਨੇ ਇੱਥੇ ਪੰਜਾਬੀਆਂ ਦੀ ਖੁੱਲ੍ਹੇ ਮਨ ਨਾਲ ਤਾਰੀਫ਼ ਕਰਦਿਆਂ ਆਖਿਆ ਕਿ ਉਹ ਆਪਣੇ ਆਪ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਕਰਜ਼ਦਾਰ ਮੰਨਦੇ ਹਨ।
ਆਪਣੀ ਫੇਰੀ ਦੇ ਤੀਜੇ ਅਤੇ ਆਖਰੀ ਦਿਨ ਰਾਹੁਲ ਗਾਂਧੀ ਨੇ ਕਿਹਾ ਕਿ ਜ਼ਮੀਨ ਗ੍ਰਹਿਣ ਬਿੱਲ ਅਤੇ ਮਗਨਰੇਗਾ ਆਦਿ ਦੇ ਮਾਮਲੇ ਵਿੱਚ ਸਮਾਜ ਦੇ ਵੱਖ-ਵੱਖ ਤਬਕਿਆਂ ਲਈ ਲੜਦਿਆਂ ਉਨ੍ਹਾਂ ਨੂੰ ਅਕਸਰ ਕੁੱਟਿਆ ਅਤੇ ਬੁਰਾ ਭਲਾ ਕਿਹਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਮਜ਼ਲੂਮਾਂ ਅਤੇ ਮੋਦੀ ਸਰਕਾਰ ਦੇ ਮਾਰੂ ਕਾਰਨਾਮਿਆਂ ਤੋਂ ਖੌਫ਼ਜ਼ਦਾ ਹੋਏ ਲੋਕਾਂ ਖਾਤਰ, ਸਭ ਕੁਝ ਸਹਿਣ ਲਈ ਤਿਆਰ ਹਨ। ਉਨ੍ਹਾਂ ਦਾ ਤਰਕ ਸੀ ਕਿ ਖੇਤੀ ਵਿਰੋਧੀ ਕਾਨੂੰਨ ਨਾ ਸਿਰਫ਼ ਕਿਸਾਨ ਬਲਕਿ ਹਰ ਵਰਗ ‘ਤੇ ਮਾਰੂ ਸਾਬਤ ਹੋਣਗੇ, ਜਿਸ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਨ੍ਹਾਂ ਖ਼ਿਲਾਫ਼ ਇਕਸੁਰ ਹੋ ਕੇ ਲੜਾਈ ਲੜਨੀ ਪਵੇਗੀ। ਉਨ੍ਹਾਂ ਦੁਹਰਾਇਆ ਕਿ ਪੰਜਾਬੀ ਦ੍ਰਿੜ੍ਹ ਇਰਾਦੇ ਵਾਲੀ ਅਤੇ ਸ਼ਕਤੀਸ਼ਾਲੀ ਕੌਮ ਹੈ, ਜਿਸ ਦੀ ਇਕਜੁੱਟਤਾ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਹਿਲਾ ਸਕਦੀ।
ਕੇਂਦਰ ‘ਤੇ ਹੱਲਾ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਵੀ ਮੁਲਕ ਵਿੱਚ ਲੋਕਾਂ ਦੀ ਆਵਾਜ਼ ਬਣਨ ਲਈ ਮੀਡੀਆ, ਨਿਆਂਇਕ ਪ੍ਰਣਾਲੀ ਅਤੇ ਸੰਸਥਾਵਾਂ ਸਮੇਤ ਵਿਰੋਧੀ ਧਿਰਾਂ ਢਾਂਚੇ ਵਿੱਚ ਰਹਿ ਕੇ ਕੰਮ ਕਰਦੀਆਂ ਹਨ, ਪਰ ਮੋਦੀ ਸਰਕਾਰ ਨੇ ਸਮੁੱਚੇ ਢਾਂਚੇ ਨੂੰ ਕੰਟਰੋਲ ਕੀਤਾ ਹੋਇਆ ਹੈ ਅਤੇ ਅਵਾਮ ਦੀ ਆਵਾਜ਼ ਬਣਨ ਲਈ ਉਲੀਕੀ ਗਈ ਰੂਪ-ਰੇਖਾ ਨੂੰ ਹਥਿਆ ਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅਜਿਹਾ ਕਰਨ ਲਈ ਜਮਹੂਰੀ ਢੰਗ ਨਹੀਂ ਸਗੋਂ ਜ਼ੋਰ-ਜਬਰ ਦਾ ਤਰੀਕਾ ਅਪਣਾਇਆ ਹੈ, ਪਰ ਇਨ੍ਹਾਂ ਮਨਸੂਬਿਆਂ ਨੂੰ ਨਕਾਰਾ ਕਰਨ ਲਈ ਕਾਂਗਰਸ ਹੋਰ ਵਧੇਰੇ ਹਮਲਾਵਰ ਰੁਖ਼ ਅਖ਼ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਮੋਦੀ, ਅੰਬਾਨੀ ਤੇ ਅਡਾਨੀ ਦੀ ਤਿੱਕੜੀ ਨੇ ਐੱਸਐੱਮਈਜ਼ ਨੂੰ ਨਸ਼ਟ ਕਰਕੇ ਰੁਜ਼ਗਾਰ ਦੇ ਢਾਂਚੇ ਨੂੰ ਵਿਗਾੜ ਦਿੱਤਾ ਹੈ ਤੇ ਹੁਣ ਉਹ ਖੇਤੀਬਾੜੀ ਦੀਆਂ ਨੀਹਾਂ ਨੂੰ ਤਬਾਹ ਕਰ ਰਹੇ ਹਨ। ਐੱਮਐੱਸਪੀ ਖ਼ਤਮ ਹੋ ਗਈ ਤਾਂ ਖੇਤੀ ਆਧਾਰਿਤ ਸੂਬਿਆਂ ਦਾ ਭਵਿੱਖ ਵੀ ਖਤਮ ਸਮਝੋ, ਜਿਸ ਕਰਕੇ ਉਹ ਇਨ੍ਹਾਂ ਮਾਰੂ ਕਾਨੂੰਨਾਂ ਵਿਰੁੱਧ ਹਰ ਪੱਧਰ ‘ਤੇ ਜੰਗ ਲੜਨ ਲਈ ਵਚਨਬੱਧ ਹਨ।
‘ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਾਲੇ ਕਾਨੂੰਨ ਕਰਾਂਗੇ ਰੱਦ’
ਮੋਦੀ ਸਰਕਾਰ ‘ਤੇ ਅਰਬਪਤੀਆਂ ਦਾ ਪੱਖ ਪੂਰਨ ਦੇ ਲਗਾਏ ਇਲਜ਼ਾਮ
ਬੱਧਨੀ ਕਲਾਂ (ਮੋਗਾ) : ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਕੋਈ ਸਰਕਾਰ ਜਾਂ ਮੋਦੀ ਨਹੀਂ ਸਗੋਂ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀ ਚਲਾ ਰਹੇ ਹਨ। ਉਨ੍ਹਾ ਕਿਹਾ ਕਿ ਕਿਸਾਨਾਂ ਦਾ ਐੱਮਐੱਸਪੀ ਖ਼ਤਮ ਕਰਕੇ ਸਿੱਧਾ-ਸਿੱਧਾ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਬੱਧਨੀ ਕਲਾਂ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਦੀ ਕੇਂਦਰ ਵਿਚ ਸਰਕਾਰ ਬਣੀ ਤਾਂ ਉਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਗੇ। ਇਥੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਵੀ ਹੋਈ ਤੇ ਪਿੰਡ ਲੋਪੋਂ (ਮੋਗਾ) ਮਗਰੋਂ ਜਗਰਾਓਂ ਦੇ ਪਿੰਡ ਚਕਰ, ਲੱਖਾ ਤੇ ਮਾਣੂਕੇ ਤੇ ਜੱਟਪੁਰਾ (ਰਾਏਕੋਟ) ਪੁੱਜੀ। ਟਰੈਕਟਰ ‘ਤੇ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾਰ ਸਨ ਜਦਕਿ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਊਸ ਟਰੈਕਟਰ ਨੂੰ ਚਲਾ ਰਹੇ ਸਨ।
ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਅਤੇ ਐੱਫਸੀਆਈ ਦੀ ਖ਼ਰੀਦ ਪ੍ਰਣਾਲੀ ਨੂੰ ਖ਼ਤਮ ਕਰ ਦੇਣਗੇ ਜਿਸ ਨਾਲ ਕਿਸਾਨੀ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਤੇ ਕਿਸਾਨਾਂ ਦਾ ਲੱਕ ਤੋੜ ਕੇ ਦੇਸ਼ ‘ਤੇ ਕਬਜ਼ਾ ਕੀਤਾ ਸੀ, ਉਸੇ ਤਰ੍ਹਾਂ ਮੋਦੀ ਸਰਕਾਰ ਵੀ ਦੇਸ਼ ਦੇ ਕੁਝ ਅਰਬਪਤੀਆਂ ਲਈ ਕਿਸਾਨਾਂ ਦਾ ਲੱਕ ਤੋੜਨ ਉੱਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ, ”ਅੰਬਾਨੀ ਤੇ ਅਡਾਨੀ ਦੀ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਅੱਖ ਹੈ ਅਤੇ ਮੋਦੀ ਜੀ ਇਹ ਜ਼ਮੀਨਾਂ ਅੰਬਾਨੀ ਤੇ ਅਡਾਨੀ ਨੂੰ ਲੈ ਕੇ ਦੇਣਾ ਚਾਹੁੰਦੇ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਅੰਬਾਨੀਆਂ ਦਾ ਮੀਡੀਆ ਮੋਦੀ ਨੂੰ ਸਾਰਾ ਦਿਨ ਵਿਖਾਉਂਦਾ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਯੂਪੀਏ ਸਰਕਾਰ ਨੇ ਜ਼ਮੀਨ ਗ੍ਰਹਿਣ ਬਿੱਲ ਕਿਸਾਨਾਂ ਦੇ ਹੱਕ ਵਿਚ ਸੋਧਿਆ ਸੀ ਪਰ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀਆਂ ਦੀ ਹਮਾਇਤ ਨਾਲ ਇਸ ਕਿਸਾਨ ਪੱਖੀ ਕਾਨੂੰਨ ਨੂੰ ਰੱਦ ਕਰ ਦਿੱਤਾ। ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬ ਅਤੇ ਹਰਿਆਣਾ ਦੇ ਅੰਨਦਾਤਾ ਨੂੰ ਹੀ ਕੱਦੂਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕਰੋਨਾ ਦੇ ਦੌਰਾਨ ਖੇਤੀ ਆਰਡੀਨੈਂਸ ਲਿਆਉਣ ਦੀ ਕਾਹਲ ਕਿਉਂ ਕੀਤੀ ਗਈ। ‘ਮੋਦੀ ਜੀ ਆਖ ਰਹੇ ਹਨ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ ਤਾਂ ਫਿਰ ਦੇਸ਼ ਭਰ ਦਾ ਕਿਸਾਨ ਅੰਦੋਲਨ ਦੇ ਰਾਹ ਕਿਉਂ ਪਿਆ ਹੋਇਆ ਹੈ।
ਅੱਜ ਮੈਨੂੰ ਬੋਲਣ ਤੋਂ ਨਾ ਰੋਕੋ : ਨਵਜੋਤ ਸਿੱਧੂ
ਮੋਗਾ : ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਬੱਧਨੀ ਕਲਾਂ ਵਿੱਚ ਜਨਤਕ ਰੈਲੀ ਦੌਰਾਨ ਨਵਜੋਤ ਸਿੱਧੂ ਦੀ ਤਕਰੀਰ ਸਭ ਤੋਂ ਵੱਧ ਅਸਰਦਾਰ ਰਹੀ। ਉਨ੍ਹਾਂ ਕਿਹਾ, ”ਮੈਂ ਕਾਲੀ ਪੱਗ ਨਾਲ ਕਾਲੇ ਕਾਨੂੰਨ ਦਾ ਵਿਰੋਧ ਕਰਦਾ ਹਾਂ।” ਇਸ ਰੈਲੀ ਵਿੱਚ ਕਰੀਬ ਡੇਢ ਸਾਲ ਮਗਰੋਂ ਸਿੱਧੂ ਮੰਚ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਰ ਆਏ ਪਰ ਦੂਰੀਆਂ ਸਾਫ ਝਲਕਦੀਆਂ ਰਹੀਆਂ। ਸਿੱਧੂ ਨੇ ਡੇਢ ਸਾਲ ਦੀ ਚੁੱਪ ਮਗਰੋਂ ਕਾਂਗਰਸ ਦੇ ਜਲਸੇ ਨੂੰ ਸੰਬੋਧਨ ਕਰਕੇ ઠਵਫ਼ਾਦਾਰੀ ਬਦਲਣ ਦੇ ਕਿਆਸ ‘ਤੇ ਵੀ ਵਿਰਾਮ ਲਾ ਦਿੱਤਾ।ઠਮੰਚ ਸੰਚਾਲਕ ਸੁਖਜਿੰਦਰ ਸਿੰਘ ਰੰਧਾਵਾ ਸਮੂਹ ਬੁਲਾਰਿਅ ਨੂੰ 2-3 ਮਿੰਟਾਂ ਵਿਚ ਆਪਣਾ ਭਾਸ਼ਨ ਮੁਕਾਉਣ ਦੀ ਗੁਜ਼ਾਰਿਸ਼ ਕਰਦੇ ਰਹੇ। ઠਸਭ ਤੋਂ ਲੰਮੀ ਤਕਰੀਰ ਨਵਜੋਤ ਸਿੱਧੂ ਨੇ 8 ਮਿੰਟ ਕੀਤੀ ਤਾਂ ઠਰੰਧਾਵਾ ਨੇ ਉਨ੍ਹਾਂ ਨੂੰ ਕੰਨ ‘ਚ ਟੋਕਿਆ ਤਾਂ ਸਿੱਧੂ ਨੇ ਉੱਚੀ ਆਵਾਜ਼ ਵਿਚ ਕਿਹਾ, ”ਅੱਜ ਮੈਨੂੰ ਬੋਲਣ ਤੋਂ ਨਾ ਰੋਕੋ।” ਇਸ ਦੌਰਾਨ ਸਿੱਧੂ ਨੇ ਕਰੀਬ 13 ਮਿੰਟ ਦਾ ਭਾਸ਼ਨ ਦਿੱਤਾ। ਉਨ੍ਹਾਂ ਜਿਥੇ ਕੇਂਦਰ ਸਰਕਾਰ ਨੂੰ ਰਗੜੇ ਲਾਏ ਉਥੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਬਾਨੀ ਤੇ ਅਡਾਨੀ ਚਲਾ ਰਹੇ ਹਨ ਤੇ ਉਹ ਸਰਕਾਰ ਨੂੰ ਇਸ ਗਾਣੇ ਮੁਤਾਬਕ ਨਚਾ ਰਹੇ ਹਨ, ‘ਨਾਚ ਮੇਰੀ ਬੁਲਬੁਲ ਤੁਝੇ ਪੈਸਾ ਮਿਲੇਗਾ।’ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਆਪਣੇ ਕਾਨੂੰਨ ઠਬਣਾ ਕੇ ਅੰਬਾਨੀ ਤੇ ਅਡਾਨੀ ਨੂੰ ਪੰਜਾਬ ਵਿਚ ਨਹੀਂ ਵੜਨ ਦਿਆਂਗੇ। ਉਨ੍ਹਾਂ ਕਿਹਾ ਕਿ ਉਹ ਇਸ ਕਾਨੂੰਨ ਦਾ ਕਾਲੀ ਪੱਗ ਨਾਲ ਵਿਰੋਧ ਕਰਨ ਆਏ ਹਨ। ਬੱਧਨੀ ਕਲਾਂ ਵਿਚ ਰੈਲੀ ਦੌਰਾਲ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਐੱਮਐੱਸਪੀ ਬਾਰੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਸੇਬ ‘ਤੇ ਐੱਮਐੱਸਪੀ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਕਰੋੜਾਂ ਰੁਪਏ ਦੀ ਆਟਾ-ਦਾਲ ਸਕੀਮ ਵਾਸਤੇ ਅਨਾਜ ਬਾਹਰੋਂ ਕਿਉਂ ਲੈ ਰਹੀ ਹੈ।
ਸਿੱਧੂ ਦੀਆਂ ਕੈਪਟਨ ਨਾਲ ਨਾ ਨਜ਼ਰਾਂ ਮਿਲੀਆਂ ਅਤੇ ਨਾ ਹੀ ਦਿਲ
ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਡੈਡੀ ਕਹਿ ਕੇ ਪੈਰਾਂ ਨੂੰ ਹੱਥ ਲਗਾਉਣ ਵਾਲੇ ਨਵਜੋਤ ਸਿੱਧੂ ਦਾ ਐਤਵਾਰ ਨੂੰ ਕੈਪਟਨ ਨਾਲ ਕਈ ਵਾਰ ਆਹਮਣਾ-ਸਾਹਮਣਾ ਹੋਇਆ। ਦੋਵਾਂ ਨੇ ਨਾ ਤਾਂ ਨਜ਼ਰਾਂ ਮਿਲੀਆਂ ਤੇ ਨਾ ਹੀ ਦਿਲ। ਦੋਨਾਂ ‘ਚ ਦੁਆ ਸਲਾਮ ਵੀ ਨਹੀਂ ਹੋਈ। ਸਿੱਧੂ ਨੇ ਤਾਂ ਆਪਣੇ ਭਾਸ਼ਣ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਿਆ, ਪਰ ਕੈਪਟਨ ਨੇ ਆਪਣੇ ਭਾਸ਼ਣ ਵਿਚ ਸਿੱਧੂ ਦਾ ਜ਼ਿਕਰ ਤੱਕ ਨਹੀਂ ਕੀਤਾ।
ਕੈਪਟਨ ਵੱਲੋਂ ਵਿਸ਼ੇਸ਼ ਇਜਲਾਸ ਜਲਦੀ ਸੱਦਣ ਦਾ ਐਲਾਨ
ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਘੜੇ ਗਏ ਲੋਕ ਮਾਰੂ ਕਾਨੂੰਨਾਂ ਨੂੰ ਨਾਕਾਮ ਬਣਾਉਣ ਲਈ ਪੰਜਾਬ ਸਰਕਾਰ ਛੇਤੀ ਹੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇਗੀ। ਕੈਪਟਨ ਨੇ ਕਿਹਾ ਕਿ ਖੇਤੀ ਕਾਨੂੰਨ ਨਾ ਸਿਰਫ਼ ਕਿਸਾਨਾਂ, ਸਗੋਂ ਸਮੁੱਚੇ ਖੇਤੀਬਾੜੀ ਢਾਂਚੇ ਅਤੇ ਸੂਬੇ ਨੂੰ ਤਬਾਹ ਕਰ ਦੇਣ ਦੇ ਮਨੋਰਥ ਨਾਲ ਘੜੇ ਗਏ ਹਨ। ਮੁੱਖ ਮੰਤਰੀ ਨੇ ਕੇਂਦਰ ਖ਼ਿਲਾਫ਼ ਇਸ ਲੜਾਈ ਵਿਚ ਕਿਸਾਨਾਂ ਦੇ ਨਾਲ ਖੜ੍ਹਨ ਦਾ ਅਹਿਦ ਲੈਂਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੇ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ, ਉਨ੍ਹਾਂ ਦੀ ਸਰਕਾਰ ਦਾ ਹੋਰ ਵੀ ਵਧੇਰੇ ਫ਼ਰਜ਼ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਕਾਲਾ ਕਾਨੂੰਨ ਨਾ ਸਿਰਫ਼ ਕਿਸਾਨੀ, ਬਲਕਿ ਅਨੇਕਾਂ ਹੋਰ ਤਬਕਿਆਂ ਨੂੰ ਵੀ ਤਬਾਹ ਕਰਨ ਵਾਲਾ ਹੈ।
ਕਿਸਾਨਾਂ ਦੇ ਸੰਘਰਸ਼ ਨੂੰ ‘ਤਾਰਪੀਡੋ’ ਕਰਨ ਦੀ ਕੋਸ਼ਿਸ਼ : ਭਗਵੰਤ ਮਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੰਦੀ ਸਿਆਸਤ ਕਰ ਕੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਅਤੇ ਹਰਦੀਪ ਪੁਰੀ ਇਕ ਦੂਜੇ ਖ਼ਿਲਾਫ਼ ਬਿਆਨ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਪੰਜਾਬ ਦੇ ਕਿਸਾਨ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਵੇਗਾ। ਉਨ੍ਹਾਂ ਮੰਗ ਕੀਤੀ ਕਿ ਕੈਬਨਿਟ ਮੀਟਿੰਗ ਦੌਰਾਨ ਖੇਤੀ ਬਿੱਲ ਲਾਗੂ ਕਰਨ ਸਮੇਂ ਜੋ ਵੀ ਕਾਰਵਾਈ ਹੋਈ ਹੈ, ਉਸ ਨੂੰ ਜਨਤਕ ਕੀਤਾ ਜਾਵੇ ਤਾਂ ਕਿ ਸਾਰਿਆਂ ਦਾ ਸੱਚ ਸਾਹਮਣੇ ਆ ਜਾਵੇ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …