Breaking News
Home / ਪੰਜਾਬ / ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ਟੇਕਿਆ ਮੱਥਾ

ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ਟੇਕਿਆ ਮੱਥਾ

ਦੇਗ ਕਰਾਈ, ਰੁਮਾਲਾ ਚੜ੍ਹਾਇਆ, ਅਕਾਲ ਤਖਤ ਸਾਹਿਬ ਮੂਹਰੇ ਵੀ ਸ਼ੀਸ਼ ਝੁਕਾਇਆ ਤੇ ਲੰਗਰ ਹਾਲ ‘ਚ ਪ੍ਰਸ਼ਾਦਿਆਂ ਦੀ ਸੇਵਾ ਵੀ ਨਿਭਾਈ
ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਖਿਆ ਕਿ ਉਨ੍ਹਾਂ ਨੂੰ ਇਥੇ ਆ ਕੇ ਨਿਮਰਤਾ ਅਤੇ ਮਨੁੱਖੀ ਸੇਵਾ ਦੇ ਸਿਧਾਂਤ ਦਾ ਅਨੁਭਵ ਹੋਇਆ ਹੈ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਕਈ ਥਾਂ ਫਤਹਿ ਵੀ ਬੁਲਾਈ ਅਤੇ ਜੈਕਾਰੇ ਵੀ ਛੱਡੇ। ਉਨ੍ਹਾਂ ਲਗਪਗ ਡੇਢ ਘੰਟਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਬਿਤਾਇਆ। ਕੁੜਤਾ ਪਜਾਮਾ ਅਤੇ ਸਿਰ ‘ਤੇ ਕੇਸਰੀ ਪਟਕਾ ਸਜਾਏ ਪ੍ਰਧਾਨ ਮੰਤਰੀ ਨੇ ਪ੍ਰਕਰਮਾ ਵਿਚ ਪੈਰ ਰੱਖਦਿਆਂ ਹੀ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੋਫੀਆ, ਇਕ ਬੇਟਾ ਅਤੇ ਬੇਟੀ ਨਾਲ ਸਨ ਤੇ ਉਹ ਵੀ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਏ ਜਦਕਿ ਦੂਜੇ ਬੇਟੇ ਦੀ ਤਬੀਅਤ ਠੀਕ ਨਹੀਂ ਸੀ। ਪਰਿਕਰਮਾ ਕਰਦਿਆਂ ਉਹ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਗਏ ਅਤੇ ਪਰਿਵਾਰ ਸਮੇਤ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਵਿਚ ਵੀ ਹਿੱਸਾ ਪਾਇਆ। ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਪਰਿਕਰਮਾ ਅਤੇ ਬਾਹਰ ਲਾਲ ਰੰਗ ਦੇ ਗਲੀਚੇ (ਰੈੱਡ ਕਾਰਪੈੱਟ) ਵਿਛਾਏ ਹੋਏ ਸਨ। ਉਨ੍ਹਾਂ ਨੂੰ ਦਰਸ਼ਨੀ ਡਿਓਢੀ ਰਸਤੇ ਦੀ ਵਿਚਾਲੜੀ ਕਤਾਰ ਰਾਹੀਂ ਅੰਦਰ ਲੈ ਜਾਇਆ ਗਿਆ। ਰਸਤੇ ਵਿਚ ਉਨ੍ਹਾਂ ਸ਼ਰਧਾਲੂਆਂ ਨਾਲ ਹੱਥ ਵੀ ਮਿਲਾਏ, ਫਤਹਿ ਬੁਲਾਈ ਅਤੇ ਕਈ ਸ਼ਰਧਾਲੂਆਂ ਨੇ ਸੈਲਫੀਆਂ ਵੀ ਲਈਆਂ। ਸੱਚਖੰਡ ਵਿਚ ਦਾਖਲ ਹੁੰਦਿਆਂ ਉਨ੍ਹਾਂ ਦਹਿਲੀਜ਼ ‘ਤੇ ਮੱਥਾ ਟੇਕਿਆ ਅਤੇ ਅੰਦਰ ਵੀ ਨਤਮਸਤਕ ਹੋਏ। ઠਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਗੁਲਦਸਤਾ, ਸਿਰੋਪਾਓ ਅਤੇ ਫੁੱਲਾਂ ਦਾ ਹਾਰ ਭੇਟ ਕੀਤਾ ਗਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਬਾਹਰ ਹੀ ਮੱਥਾ ਟੇਕਿਆ ਅਤੇ ਵਾਪਸੀ ਸਮੇਂ ਸੂਚਨਾ ਕੇਂਦਰ ਵਿਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਨੇ ਭੇਟ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕੈਨੇਡਾ ਸਰਕਾਰ ਦੇ ਮੰਤਰੀ ਮੰਡਲ ਵਿਚ ਸ਼ਾਮਲ ਪੰਜਾਬੀ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ, ਬਰਦੀਸ਼ ਕੌਰ ਚੱਘਰ ਤੇ ਇਕ ਹੋਰ ਕੈਬਨਿਟ ਮੰਤਰੀ ਸ਼ਾਮਲ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਦ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਜੋ ਉਨ੍ਹਾਂ ਦੇ ਨਾਲ ਪ੍ਰਕਰਮਾ ਵਿਚ ਸਨ, ਵੱਲੋਂ ਸਿੱਖ ਇਤਿਹਾਸ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਸਮੇਤ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਰੂਡੋ ਪਰਿਵਾਰ ਦਾ ઠਗੁਲਦਸਤੇ ਭੇਟ ਕੀਤਾ। ਅੰਮ੍ਰਿਤਸਰ ਪੁੱਜਣ ‘ਤੇ ਹਵਾਈ ਅੱਡੇ ਵਿਖੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੀ ਆਇਆਂ ਆਖਿਆ।
ਹੱਥ ਜੋੜ ਕੇ ਸੰਗਤਾਂ ਦਾ ਪਿਆਰ ਕਬੂਲਿਆ
ਜਸਟਿਨ ਟਰੂਡੋ ਤੇ ਪਰਿਵਾਰ ਨੇ ਪਰਿਕਰਮਾ ਕਰਦਿਆਂ ਪੰਜਾਬੀ ਅੰਦਾਜ਼ ਵਿਚ ਕਈ ਵਾਰ ਹੱਥ ਜੋੜ ਕੇ ਅਤੇ ‘ਸਤਿ ਸ੍ਰੀ ਅਕਾਲ ਬੁਲਾ’ ਕੇ ਸੰਗਤਾਂ ਦਾ ਪਿਆਰ ਕਬੂਲਿਆ। ਕਈ ਸ਼ਰਧਾਲੂਆਂ ਨੇ ਉਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ। ਉਹ ਖਿੜੇ ਮੱਥੇ ਸਭ ਨੂੰ ਮਿਲੇ ਤੇ ਜੈਕਾਰਿਆਂ ਦਾ ਜਵਾਬ ਵੀ ਦਿੱਤਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਨੇ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਪਰਿਕਰਮਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇੱਥੇ ਸਥਿਤ ਹੋਰ ਪਾਵਨ ਅਸਥਾਨਾਂ ਦੇ ਇਤਿਹਾਸ, ਧਾਰਮਿਕ ਤੇ ਸਮਾਜਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਛੋਟੇ ਪੁੱਤਰ ਹਾਡ੍ਰਿਨ ਲਈ ਟਰੂਡੋ ਨੇ ਮੰਗ ਕੇ ਮਾਣ-ਤਾਣ ਲਿਆ
ਜਸਟਿਨ ਟਰੂਡੋ ਨੂੰ ਹਰਿਮੰਦਰ ਸਾਹਿਬ ਦਾ ਸੋਨੇ ਦੀ ਪਰਤ ਵਾਲਾ ਮਾਡਲ, ਲੋਈ, ਸੋਨੇ ਦੀ ਪਰਤ ਵਾਲੀ ਕਿਰਪਾਨ, ਸਿਰੋਪਾਓ ਅਤੇ ਧਾਰਮਿਕ ਕਿਤਾਬਾਂ ਦਾ ਸੈਟ, ਉਨ੍ਹਾਂ ਦੀ ਪਤਨੀ ਸੋਫੀ ਨੂੰ 24 ਕੈਰੇਟ ਸੋਨੇ ਨਾਲ ਤਿਆਰ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ ਦੀ ਤਰਾਸ਼ੀ ਗਈ ਤਸਵੀਰ ਅਤੇ ਬੱਚਿਆਂ ਬੇਟੀ ਐਲਾਗ੍ਰੇਸਮ ਤੇ ਵੱਡੇ ਬੇਟੇ ਜੇਵੀਅਰ ਨੂੰ ਹਰਿਮੰਦਰ ਸਾਹਿਬ ਦੇ ਮਾਡਲ, ਸਿਰੋਪਾਓ, ਲੋਈ ਤੇ ਸਚਿੱਤਰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਜਸਟਿਨ ਟਰੂਡੋ ਦੇ ਛੋਟੇ ਬੇਟੇ ਹਾਡ੍ਰਿਨ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਦਰਸ਼ਨਾਂ ਲਈ ਨਹੀਂ ਆਏ, ਜਿਸ ਲਈ ਗੁਰੂ ਘਰ ਤੋਂ ਮਿਲ ਰਹੇ ਮਾਣ ਸਨਮਾਨ ਨੂੰ ਟਰੂਡੋ ਨੇ ਮੰਗ ਕੇ ਹਾਸਲ ਕੀਤਾ।
ਵਿਸ਼ਵ ਵਿਚ ਸਿੱਖਾਂ ਦੀ ਪਛਾਣ ਹੋਰ ਵਧੇਗੀ : ਭਾਈ ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਵਿਖੇ ਨਤਮਸਤਕ ਹੋਣ ਨਾਲ ਵਿਸ਼ਵ ਭਰ ਵਿਚ ਸਿੱਖ ਪਛਾਣ ਹੋਰ ਉਜਾਗਰ ਹੋਵੇਗੀ, ਉੱਥੇ ਹੀ ਵਿਦੇਸ਼ਾਂ ਵਿਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਵੀ ਯਕੀਨਨ ਠੱਲ੍ਹ ਪਵੇਗੀ। ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਥਕ ਰਵਾਇਤਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰੰਪਰਾ ਅਨੁਸਾਰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸੰਗਤ ਤੇ ਸ਼੍ਰੋਮਣੀ ਕਮੇਟੀ ਸਟਾਫ਼ ਵਲੋਂ ਦਿੱਤੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ।

Check Also

ਸੁਖਪਾਲ ਖਹਿਰਾ ਨੇ ਵੀ ਖੇਤੀ ਸੁਧਾਰ ਬਿੱਲਾਂ ਨੂੰ ਦੱਸਿਆ ਕਿਸਾਨ ਮਾਰੂ

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਗ੍ਰਿਫ਼ਤਾਰੀ ਦੇਣ ਦਾ ਕੀਤਾ ਐਲਾਨ ਜੰਡਿਆਲਾ …