ਸਰਦੀ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਦੋਵੇਂ ਦੇਸ਼ਾਂ ਦੀ ਸਹਿਮਤੀ ਨਾਲ ਲਿਆ ਗਿਆ ਫੈਸਲਾ
ਅਟਾਰੀ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਦੀਆਂ ਸਾਂਝੀ ਸਰਹੱਦਾਂ ਫਾਜ਼ਿਲਕਾ ਦੀ ਸਾਦਕੀ, ਫਿਰੋਜ਼ਪੁਰ ਦੀ ਹੁਸੈਨੀਵਾਲ ਅਤੇ ਅੰਮਿ੍ਰਤਸਰ ਦੇ ਅਟਾਰੀ ਬਾਰਡਰ ’ਤੇ ਹਰ ਰੋਜ਼ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਅੱਜ 16 ਨਵੰਬਰ ਤੋਂ ਸ਼ਾਮ ਸਾਢੇ ਚਾਰ ਵਜੇ ਤੋਂ ਸਵਾ ਪੰਜ ਵਜੇ ਤੱਕ ਹੋ ਗਿਆ। ਜਦਕਿ ਇਸ ਤੋਂ ਪਹਿਲਾਂ ਇਹ ਸਮਾਂ ਸ਼ਾਮ 5 ਵਜੇ ਤੋਂ ਲੈ ਕੇ ਪੌਣੇ ਛੇ ਵਜੇ ਤੱਕ ਹੁੰਦਾ ਸੀ। ਸਰਦੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਦੋਵੇਂ ਦੇਸ਼ਾਂ ਦੀ ਸਹਿਮਤੀ ਮਗਰੋਂ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਬਾਰਡਰ ਸਕਿਓਰਿਟੀ ਫੋਰਸ ਅਟਾਰੀ ਸਰਹੱਦ ਅਤੇ ਪਾਕਿਸਤਾਨ ਸਤਲੁਜ ਰੇਂਜਰਜ਼ ਵਾਹਗਾ ਬਾਰਡਰ ਦੇ ਉਚ ਅਧਿਕਾਰੀਆਂ ਦੀ ਇਕ ਮੀਟਿੰਗ ਹੋਈ ਅਤੇ ਮੀਟਿੰਗ ਤੋਂ ਬਾਅਦ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ ਗਿਆ। ਧਿਆਨ ਰਹੇ ਅਟਾਰੀ ਸਰਹੱਦ ’ਤੇ ਦੋਵੇਂ ਦੇਸ਼ਾਂ ਦੇ ਸਰਹੱਦੀ ਜਵਾਨਾਂ ਦਰਮਿਆਨ ਝੰਡੇ ਦੀ ਰਸਮ ਹੁੰਦੀ ਹੈ। ਇਸ ਮੌਕੇ ਦੋਵੇਂ ਦੇਸ਼ਾਂ ਦੇ ਜਵਾਨਾਂ ਵੱਲੋਂ ਆਪਣੀ-ਆਪਣੀ ਤਾਕਤ ਦੇ ਜੌਹਰ ਦਿਖਾਏ ਜਾਂਦੇ ਹਨ। ਇਸ ਪਰੇਡ ਨੂੰ ਦੇਖਣ ਲਈ ਦੋਵੇਂ ਦੇਸ਼ਾਂ ਦੇ ਲੋਕ ਆਪਣੀ-ਆਪਣੀ ਸਰਹੱਦ ’ਤੇ ਪਹੁੰਚਦੇ ਹਨ ਅਤੇ ਆਪਣੇ-ਆਪਣੇ ਫੌਜੀ ਜਵਾਨਾਂ ਦਾ ਹੌਸਲਾ ਵਧਾਉਂਦੇ ਹਨ।