ਦਿੱਲੀ ਤੇ ਪੰਜਾਬ ਦੀ ਆਬਕਾਰੀ ਨੀਤੀ ਇਕੋ ਤਰ੍ਹਾਂ ਦੀ ਹੋਣ ਕਾਰਨ ਪੰਜਾਬ ਪ੍ਰਸ਼ਾਸਨ ਚਿੰਤਤ
ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀ.ਬੀ.ਆਈ ਵਲੋਂ ਗ੍ਰਿਫਤਾਰ ਕੀਤੇ ਜਾਣ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ‘ਤੇ ਉਕਤ ਆਬਕਾਰੀ ਨੀਤੀ ਨੂੰ ਅੰਤਿਮ ਰੂਪ ਦੇਣ ਦੇ ਚਰਚਿਆਂ ਅਤੇ ਦਿੱਲੀ ਤੇ ਪੰਜਾਬ ਵਿਚ ਇਕੋ ਤਰ੍ਹਾਂ ਦੀ ਆਬਕਾਰੀ ਨੀਤੀ ਦੇ ਅਮਲ ਹੇਠ ਹੋਣ ਤੇ ਦਿੱਲੀ ਦੇ ਇਕ ਸ਼ਰਾਬ ਵਪਾਰੀ ‘ਤੇ ਦਬਾਅ ਬਣਾਉਣ ਲਈ ਉਸ ਦੀਆਂ ਪੰਜਾਬ ਵਿਚਲੀਆਂ ਸ਼ਰਾਬ ਦੀਆਂ ਫ਼ੈਕਟਰੀਆਂ ਜ਼ਬਾਨੀ ਹੁਕਮ ‘ਤੇ ਹੀ ਬੰਦ ਰੱਖਣ ਦੇ ਆਰੋਪਾਂ ਕਾਰਨ ਪੰਜਾਬ ਪ੍ਰਸ਼ਾਸਨ ਵਿਚ ਵੀ ਹਲਚਲ ਮਚੀ ਹੋਈ ਹੈ।
ਵਰਨਣਯੋਗ ਹੈ ਕਿ ਪੰਜਾਬ ਵਿਚ ‘ਆਪ’ ਦੇ ਸੱਤਾ ਵਿਚ ਆਉਣ ਤੋਂ ਬਾਅਦ ਜੋ ਆਬਕਾਰੀ ਨੀਤੀ ਬਣਾਈ ਗਈ ਉਸ ਸੰਬੰਧੀ ਵੀ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਮਨੀਸ਼ ਸਿਸੋਦੀਆ ਵਲੋਂ ਤੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਨ ਦੇ ਵਿਰੋਧੀ ਪਾਰਟੀਆਂ ਵਲੋਂ ਆਰੋਪ ਲਗਾਏ ਗਏ ਸਨ ਅਤੇ ਸੀ.ਬੀ.ਆਈ ਅਤੇ ਈ.ਡੀ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਸ ਸੰਬੰਧੀ ਵੀ ਪੁੱਛਗਿੱਛ ਕੀਤੀ ਗਈ ਹੈ।
ਦਿੱਲੀ ਦੀ ਆਬਕਾਰੀ ਨੀਤੀ ਵਿਚ ਲਾਇਸੈਂਸ ਧਾਰਕਾਂ ਦਾ ਕਮਿਸ਼ਨ ਵਧਾ ਕੇ 12 ਪ੍ਰਤੀਸ਼ਤ ਕੀਤੇ ਜਾਣ ਅਤੇ ਉਸ ਵਿਚੋਂ ਅੱਧਾ ਕਮਿਸ਼ਨ ਆਮ ਆਦਮੀ ਪਾਰਟੀ ਨੂੰ ਦੇਣ ਦੇ ਲੱਗੇ ਆਰੋਪ ਜੋ ਜਾਂਚ ਦਾ ਮੁੱਖ ਵਿਸ਼ਾ ਹੈ, ਲੇਕਿਨ ਪੰਜਾਬ ਵਿਚ ਵੀ ਇਸੇ ਤਰਜ਼ ‘ਤੇ ਨੀਤੀ ਹੋਣ ਕਾਰਨ ਸੀ.ਬੀ.ਆਈ ਤੇ ਈ.ਡੀ ਹੁਣ ਜਾਂਚ ਤੇ ਕੇਸ ਦਾ ਘੇਰਾ ਪੰਜਾਬ ਤੱਕ ਵੀ ਵਧਾ ਸਕਦੀ ਹੈ।
ਸਿਸੋਦੀਆ ਨੂੰ 5 ਦਿਨ ਦੇ ਰਿਮਾਂਡ ‘ਤੇ ਭੇਜਿਆ :ਸ਼ਰਾਬ ਨੀਤੀ ਘੁਟਾਲਾ ਮਾਮਲੇ ‘ਚ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ 5 ਦਿਨਾਂ ਲਈ ਸੀ.ਬੀ.ਆਈ. ਹਿਰਾਸਤ ‘ਚ ਭੇਜ ਦਿੱਤਾ ਹੈ। ਉਹ 4 ਮਾਰਚ ਤੱਕ ਸੀ.ਬੀ. ਆਈ. ਰਿਮਾਂਡ ‘ਤੇ ਰਹਿਣਗੇ।
ਐਤਵਾਰ ਨੂੰ ਸੀ.ਬੀ. ਆਈ. ਵਲੋਂ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਮਨੀਸ਼ ਸਿਸੋਦੀਆ ਨੂੰ ਸੋਮਵਾਰ ਦੁਪਹਿਰ 3 ਵਜੇ ਕੇ 10 ਮਿੰਟ ‘ਤੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਗਿਆ। ਸੀ.ਬੀ.ਆਈ. ਨੇ ਹੋਰ ਪੁੱਛਗਿੱਛ ਲਈ ਅਦਾਲਤ ਤੋਂ ਸਿਸੋਦੀਆ ਦੀ 5 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ।
ਪੜਤਾਲੀਆ ਏਜੰਸੀ ਨੇ ਅਦਾਲਤ ‘ਚ ਦਲੀਲ ਦਿੰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ। ਏਜੰਸੀ ਵਲੋਂ ਇਹ ਇਲਜ਼ਾਮ ਵੀ ਲਾਇਆ ਗਿਆ ਕਿ ਮਨੀਸ਼ ਸਿਸੋਦੀਆ ਨੇ ਸ਼ਰਾਬ ਘੁਟਾਲੇ ‘ਚ ਅਪਰਾਧਕ ਸਾਜਿਸ਼ ਰਚੀ ਅਤੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ।