ਨਸ਼ੇ ਕਾਰਨ ਉਜੜੇ ਪਰਿਵਾਰ ਨੇ ਲਗਾਏ ਪੋਸਟਰ, ਕਿਹਾ-ਨਸ਼ਾ ਤਸਕਰ ਸ਼ਰ੍ਹੇਆਮ ਹਨ ਘੁੰਮਦੇ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ। ਪ੍ਰੰਤੂ ਇਸ ਦੇ ਉਲਟ ਗੁਰੂ ਨਗਰੀ ਅੰਮਿ੍ਰਤਸਰ ਵਿਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ। ਨਸ਼ੇ ਕਾਰਨ ਬਰਬਾਦ ਹੋਏ ਇਕ ਪਰਿਵਾਰ ਵੱਲੋਂ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਅਤੇ ਦੁਕਾਨਾਂ ਬਾਹਰ ‘ਚਿੱਟਾ ਇਥੇ ਮਿਲਦਾ ਹੈ’ ਲਿਖ ਕੇ ਪੋਸਟਰ ਲਗਾ ਦਿੱਤੇ ਗਏ ਹਨ। ਨਸ਼ੇ ਕਾਰਨ ਬਰਬਾਦ ਹੋਏ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਸਾਹਮਣੇ ਆਪਣਾ ਰੋਸ ਪ੍ਰਗਟ ਕਰਨ ਲਈ ਇਹ ਤਰੀਕਾ ਅਪਣਾਇਆ ਹੈ। ਇਹ ਪੋਸਟਰ ਸ਼ਹੀਦਾਂ ਸਾਹਿਬ ਗੁਰਦੁਆਰਾ ਦੇ ਨੇੜੇ ਪੈਂਦੇ ਬਜ਼ਾਰ ਅਤੇ ਮੁਹੱਲਿਆਂ ਵਿਚ ਲੱਗੇ ਹੋਏ ਹਨ। ਇਨ੍ਹਾਂ ਪੋਸਟਰਾਂ ਦੇ ਲੱਗਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅੰਦਰ ਹੜਕੰਪ ਮਚ ਗਿਆ ਅਤੇ ਇਲਾਕਾ ਪੁਲਿਸ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਇਸ ਇਲਾਕੇ ਵਿਚ ਨਸ਼ਾ ਸ਼ਰ੍ਹੇਆਮ ਵੇਚਿਆ ਜਾਂਦਾ ਅਤੇ ਨਸ਼ੇੜੀ ਨੌਜਵਾਨਾਂ ਕਾਰਨ ਹੀ ਇਲਾਕੇ ਵਿਚ ਵਾਰਦਾਤ ਦੀਆਂ ਘਟਨਾਵਾਂ ਵਧੀਆਂ ਹਨ। ਇਹ ਪੋਸਟਰ ਲੱਗਣ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਹੈ ਅਤੇ ਜਲਦੀ ਹੀ ਇਸ ਮਾਮਲੇ ’ਚ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ।