ਪਾਕਿਸਤਾਨ ‘ਚ ਪਹਿਲੀ ਵਾਰ ਹਿੰਦੂ ਮਹਿਲਾ ਵਿਧਾਨ ਸਭਾ ਚੋਣ ਲੜੇਗੀ
ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ ਨੇ ਦਿੱਤੀ ਟਿਕਟ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਪਹਿਲੀ ਵਾਰ ਹਿੰਦੂ ਮਹਿਲਾ ਵਿਧਾਨ ਸਭਾ ਦੀ ਚੋਣ ਲੜੇਗੀ। ਇਸ ਮਹਿਲਾ ਨੂੰ ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ (ਪਾਕਿਸਤਾਨ ਪੀਪਲਜ਼ ਪਾਰਟੀ) ਨੇ ਟਿਕਟ ਵੀ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਿੰਦੂ ਮਹਿਲਾ ਡਾਕਟਰ ਸਬੀਰਾ ਪ੍ਰਕਾਸ਼ ਨੂੰ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਨੇ ਖੈਬਰ ਪਖਤੂਨਵਾ ਸੂਬੇ ਵਿਚੋਂ ਵਿਧਾਨ ਸਭਾ ਚੋਣ ਲੜਨ ਲਈ ਟਿਕਟ ਦਿੱਤੀ ਹੈ ਅਤੇ ਉਹ ਬੁਨੇਰ ਜ਼ਿਲ੍ਹੇ ਵਿਚੋਂ ਚੋਣ ਲੜੇਗੀ। ਸਬੀਰਾ ਪ੍ਰਕਾਸ਼ ਦੇ ਪਿਤਾ ਓਮ ਪ੍ਰਕਾਸ਼ ਨੇ ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਕੋਈ ਹਿੰਦੂ ਮਹਿਲਾ ਪਾਕਿਸਤਾਨ ਵਿਚ ਵਿਧਾਨ ਸਭਾ ਦੀ ਚੋਣ ਲੜੇਗੀ। ਸਬੀਰਾ ਨੇ ਖੈਬਰ ਪਖਤੂਨਵਾ ਦੀ ਪੀ.ਕੇ.-25 ਸੀਟ ਤੋਂ ਨੌਮੀਨੇਸ਼ਨ ਭਰਿਆ ਹੈ ਅਤੇ ਇਸ ਤੋਂ ਇਲਾਵਾ ਸਬੀਰਾ ਨੇ ਮਹਿਲਾਵਾਂ ਦੇ ਲਈ ਰਿਜ਼ਰਵ ਇਕ ਸੀਟ ਦੇ ਲਈ ਵੀ ਨੌਮੀਨੇਸ਼ਨ ਭਰ ਦਿੱਤਾ ਹੈ। ਧਿਆਨ ਰਹੇ ਕਿ ਪਾਕਿਸਤਾਨ ਵਿਚ ਨੈਸ਼ਨਲ ਅਸੈਂਬਲੀ ਅਤੇ ਚਾਰ ਸੂਬਿਆਂ ਦੀਆਂ ਪ੍ਰੋਵੈਨਸ਼ੀਅਲ ਅਸੈਂਬਲੀਆਂ ਦੇ ਲਈ 8 ਫਰਵਰੀ 2024 ਨੂੰ ਵੋਟਾਂ ਪੈਣੀਆਂ ਹਨ। ਸਬੀਰਾ ਪ੍ਰਕਾਸ਼ ਨੇ ਪਿਛਲੇ ਸਾਲ ਹੀ ਐਬਟਾਬਾਦ ਇੰਟਰਨੈਸ਼ਨਲ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਕੀਤੀ ਹੈ। ਸਬੀਰਾ ਪੀਪਲਜ਼ ਪਾਰਟੀ ਦੀ ਵੂਮਨ ਵਿੰਗ ਦੀ ਸੈਕਟਰੀ ਵੀ ਹੈ। ਟਿਕਟ ਮਿਲਣ ਤੋਂ ਬਾਅਦ ਸਬੀਰਾ ਪ੍ਰਕਾਸ਼ ਨੇ ਕਿਹਾ ਹੈ ਕਿ ਉਹ ਆਪਣੇ ਪਿਤਾ ਓਮ ਪ੍ਰਕਾਸ਼ ਵਾਂਗ ਗਰੀਬਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਮੇਸ਼ਾ ਹੀ ਮਹਿਲਾਵਾਂ ਅਤੇ ਗਰੀਬਾਂ ਲਈ ਮਿਹਨਤ ਕਰੇਗੀ।