ਕੈਲੀਫੋਰਨੀਆ/ਹੁਸਨ ਲੜੋਆ ਬੰਗਾ
ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡੇਨ ਨੇ ਵਾਈਟ ਹਾਊਸ ਦੀ ਡਿਜ਼ੀਟਲ ਰਣਨੀਤੀ ਟੀਮ ਦਾ ਐਲਾਨ ਕੀਤਾ ਹੈ। ਹੋਰਨਾਂ ਦੇ ਨਾਲ ਇਸ ਟੀਮ ਵਿਚ ਭਾਰਤੀ ਮੂਲ ਦੀ ਅਮਰੀਕਨ ਨਾਗਰਿਕ ਅਈਸ਼ਾ ਸ਼ਾਹ ਨੂੰ ਨਿਯੁਕਤ ਕੀਤਾ ਹੈ। ਇਹ ਡਿਜ਼ੀਟਲ ਟੀਮ ਆਨ ਲਾਈਨ ਅਮਰੀਕਨਾਂ ਨਾਲ ਸੰਪਰਕ ਕਰਨ ਦੀ ਇੰਚਾਰਜ ਹੋਵੇਗੀ।
ਬਿਡੇਨ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਵਾਈਟ ਹਾਊਸ ਦਾ ਡਿਜ਼ੀਟਲ ਆਪਰੇਸ਼ਨ 12 ਡੈਮੋਕਰੈਟਿਕ ਸੰਚਾਲਕਾਂ ਉਪਰ ਨਿਰਭਰ ਹੋਵੇਗਾ ਜਿਨ੍ਹਾਂ ਨੂੰ ਰਾਸ਼ਟਰਪਤੀ ਦੀ ਚੋਣ ਮੁਹਿੰਮ ਤੇ ਸੱਤਾ ਤਬਦੀਲੀ ਟੀਮ ਬਾਰੇ ਅਹਿਮ ਤਜ਼ਰਬਾ ਹੈ। ਅਈਸ਼ਾ ਸ਼ਾਹ ਦਾ ਜਨਮ ਕਸ਼ਮੀਰ ਵਿਚ ਹੋਇਆ ਸੀ ਤੇ ਉਹ ਲੁਸਿਆਨਾ ਵਿਚ ਵੱਡੀ ਹੋਈ। ਉਹ ਇਸ ਤੋਂ ਪਹਿਲਾਂ ਬਿਡੇਨ -ਹੈਰਿਸ ਚੋਣ ਮੁਹਿੰਮ ਵਿਚ ਡਿਜ਼ੀਟਲ ਹਿੱਸੇਦਾਰ ਮੈਨੇਜਰ ਵਜੋਂ ਕੰਮ ਕਰ ਚੁੱਕੀ ਹੈ। ਸ਼ਾਹ ਤੋਂ ਬਿਨਾਂ ਬਰੇਨਡਨ ਕੋਹੇਨ ਡਿਜ਼ੀਟਲ ਟੀਮ ਵਿਚ ਆਨ ਲਾਈਨ ਪਲੇਟਫਾਰਮ ਮੈਨੇਜਰ ਵਜੋਂ ਕੰਮ ਕਰਨਗੇ। ਉਹ ਬਿਡੇਨ ਦੀ ਚੋਣ ਮੁਹਿੰਮ ਵਿਚ ਸੰਪਾਦਕੀ ਟੀਮ ਵਿਚ ਡਿਪਟੀ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ।
ਰੌਬ ਫਲਾਹਏਰਟੀ ਜੋ ਇਸ ਸਮੇਂ ਬਿਡੇਨ ਦੀ ਸੱਤਾ ਤਬਦੀਲੀ ਟੀਮ ਵਿਚ ਡਿਜ਼ੀਟਲ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ, ਉਹ ਵਾਈਟ ਹਾਊਸ ਵਿਚ ਵੀ ਇਹ ਭੂਮਿਕਾ ਨਿਭਾਉਂਦੇ ਰਹਿਣਗੇ। ਇਥੇ ਵਰਣਨਯੋਗ ਹੈ ਕਿ ਜੋਅ ਬਿਡੇਨ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਆਪਣੇ ਪ੍ਰਸ਼ਾਸਨ ਵਿਚ ਅਹਿਮ ਅਹੁੱਦਿਆਂ ਉਪਰ ਨਿਯੁਕਤ ਕਰ ਰਹੇ ਹਨ। ਉਨ੍ਹਾਂ ਨੇ ਸ਼ੁਰੂਆਤ ਕਮਲਾ ਹੈਰਿਸ ਨੂੰ ਉੱਪ ਰਾਸ਼ਟਰਪਤੀ ਦੇ ਅਹੁੱਦੇ ਲਈ ਨਾਮਜ਼ਦ ਕਰਕੇ ਕੀਤੀ ਸੀ। ਜਿਸ ਦਾ ਸਿੱਟਾ ਇਹ ਨਿਕਿਲਿਆ ਕਿ ਕਮਲਾ ਹੈਰਿਸ ਸਮੁੱਚੇ ਕਾਲੇ ਲੋਕਾਂ ਦੀ ਪ੍ਰਤੀਨਿੱਧ ਬਣਕੇ ਉਭਰੀ ਜਿਸ ਦਾ ਫਾਇਦਾ ਜੋਅ ਬਿਡੇਨ ਨੂੰ ਹੋਇਆ ਤੇ ਉਨ੍ਹਾਂ ਨੇ ਸ਼ਾਨਦਾਰ ਢੰਗ ਨਾਲ ਰਾਸ਼ਟਰਪਤੀ ਦੀ ਚੋਣ ਜਿੱਤ ਲਈ। ਬਿਡੇਨ ਦੀ ਪਰਵਾਸੀਆਂ ਪ੍ਰਤੀ ਪਹੁੰਚ ਰਾਸ਼ਟਰਪਤੀ ਦੀ ਚੋਣ ਹਾਰੇ ਡੋਨਾਲਡ ਟਰੰਪ ਨਾਲੋਂ ਬਿਲਕੁੱਲ ਵੱਖਰੀ ਹੈ ਜਿਸ ਦੇ ਸਿੱਟੇ ਵਜੋਂ ਭਾਰਤੀਆਂ ਸਮੇਤ ਹੋਰ ਮੁਲਕਾਂ ਦੇ ਲੋਕ ਡੈਮੋਕਰੈਟਿਕ ਪਾਰਟੀ ਦੇ ਹੋਰ ਨੇੜੇ ਆਏ ਹਨ।

