
ਚਾਰ ਸਾਲਾਂ ਬਾਅਦ ਹੋਵੇਗੀ ਦੇਸ਼ ਵਾਪਸੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਅਕਤੂਬਰ 2023 ਨੂੰ ਚਾਰ ਸਾਲਾਂ ਬਾਅਦ ਲੰਡਨ ਤੋਂ ਵਾਪਸ ਪਾਕਿਸਤਾਨ ਪਰਤਣਗੇ। ਇਸਦੇ ਲਈ ਉਨ੍ਹਾਂ ਨੇ ਫਲਾਈਟ ਦੀਆਂ ਟਿਕਟਾਂ ਵੀ ਬੁੱਕ ਕਰਵਾ ਲਈਆਂ ਹਨ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ ਪਹਿਲਾਂ ਲੰਡਨ ਤੋਂ ਆਬੂਧਾਬੀ ਪਹੁੰਚਣਗੇ, ਇਸ ਤੋਂ ਬਾਅਦ ਉਥੋਂ ਉਹ ਲਾਹੌਰ ਦੇ ਲਈ ਰਵਾਨਾ ਹੋਣਗੇ। ਨਵਾਜ਼ ਸ਼ਰੀਫ 21 ਅਕਤੂਬਰ ਨੂੰ ਸ਼ਾਮ ਕਰੀਬ 6. ਵੱਜ ਕੇ 25 ਮਿੰਟ ’ਤੇ ਲਾਹੌਰ ਦੇ ਅਲਾਮਾ ਇਕਬਾਲ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਫਲਾਈਟ ਵਿਚ ਨਵਾਜ਼ ਦੇ ਨਾਲ ਉਨ੍ਹਾਂ ਦੇ ਸਟਾਫ ਮੈਂਬਰ, ਪਰਸਨਲ ਐਡਵਾਈਜ਼ਰ ਡਾ. ਏਦਨਾਨ ਅਤੇ ਸੰਸਦ ਮੈਂਬਰ ਇਰਫਾਨ ਸਿਦੀਕੀ ਵੀ ਮੌਜੂਦ ਰਹਿਣਗੇ। ਧਿਆਨ ਰਹੇ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭਿ੍ਰਸ਼ਟਾਚਾਰ ਦੇ ਕਈ ਮਾਮਲਿਆਂ ਵਿਚ ਘਿਰੇ ਹੋਏ ਹਨ। ਇਸ ਦੇ ਚੱਲਦਿਆਂ ਭਿ੍ਰਸ਼ਟਾਚਾਰ ਦੇ ਇਕ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਨੂੰ 7 ਸਾਲ ਅਤੇ ਦੂਜੇ ਮਾਮਲੇ ਵਿਚ 11 ਸਾਲ ਦੀ ਸਜ਼ਾ ਵੀ ਸੁਣਾਈ ਸੀ। ਇਸਦੇ ਚੱਲਦਿਆਂ ਲਾਹੌਰ ਹਾਈਕੋਰਟ ਨੇ 2019 ਵਿਚ ਨਵਾਜ਼ ਦੀ ਸਜ਼ਾ ਸਸਪੈਂਡ ਕਰਦਿਆਂ ਉਨ੍ਹਾਂ ਨੂੰ ਇਲਾਜ ਕਰਾਉਣ ਦੇ ਲਈ ਚਾਰ ਹਫਤਿਆਂ ਦੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਇਸਦੇ ਚੱਲਦਿਆਂ 19 ਨਵੰਬਰ 2019 ਨੂੰ ਨਵਾਜ਼ ਸ਼ਰੀਫ ਲੰਡਨ ਗਏ ਸਨ, ਅਤੇ ਹੁਣ ਤੱਕ ਵਾਪਸ ਦੇਸ਼ ਨਹੀਂ ਪਰਤੇ ਹਨ। ਨਵਾਜ਼ ਸ਼ਰੀਫ 3 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।