ਵਿਸ਼ਵ ਆਰਥਿਕ ਮੰਚ ਨੂੰ ਸੰਬੋਧਨ ਕਰਨ ਵਾਲੇ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ
ਦਾਵੋਸ : ਨਰਿੰਦਰ ਮੋਦੀ ਇਥੇ ਆਲਮੀ ਆਰਥਿਕ ਫੋਰਮ (ਡਬਲਿਊਈਐਫ) ਨੂੰ ਸੰਬੋਧਨ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵ ਨੂੰ ਦਰਪੇਸ਼ ਅੱਤਵਾਦ ਸਮੇਤ ਹੋਰ ‘ਗੰਭੀਰ’ ਚੁਣੌਤੀਆਂ ਬਾਰੇ ਗੱਲ ਕੀਤੀ। ਜਲਵਾਯੂ ਤਬਦੀਲੀ ਅਤੇ ਅੱਤਵਾਦ ਨੂੰ ਵਿਸ਼ਵ ਲਈ ਗੰਭੀਰ ਚਿੰਤਾਵਾਂ ਦੱਸਦਿਆਂ ਮੋਦੀ ਨੇ ਕਿਹਾ ਕਿ ਅੱਤਵਾਦ ਖ਼ਤਰਨਾਕ ਹੈ ਪਰ ‘ਚੰਗੇ ਅੱਤਵਾਦ’ ਅਤੇ ‘ਮਾੜੇ ਅੱਤਵਾਦ’ ਦਰਮਿਆਨ ਕੀਤਾ ਜਾਂਦਾ ‘ਮਸਨੂਈ ਫ਼ਰਕ’ ਵੀ ਅੱਤਵਾਦ ਜਿੰਨਾ ਹੀ ਘਾਤਕ ਹੈ। ਡਬਲਿਊਈਐਫ ਸਾਲਾਨਾ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਨੌਜਵਾਨਾਂ ਨੂੰ ਕੱਟੜਪੰਥੀ ਬਣਦੇ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਇਸ ਖ਼ਤਰੇ ਬਾਰੇ ਭਾਰਤ ਦਾ ਸਟੈਂਡ ਸਾਰਿਆਂ ਨੂੰ ਪਤਾ ਹੀ ਹੈ ਅਤੇ ਉਹ ਇਸ ਬਾਰੇ ਵਿਸਥਾਰ ਵਿਚ ਗੱਲ ਨਹੀਂ ਕਰਨਾ ਚਾਹੁੰਦੇ। ਮੋਦੀ ਨੇ ਕਿਹਾ, ‘ਆਓ ‘ਸੁਤੰਤਰਤਾ ਦਾ ਸਵਰਗ’ ਬਣਾਈਏ, ਜਿਥੇ ਸਹਿਯੋਗ ਹੋਵੇ ਅਤੇ ਕੋਈ ਪਾੜਾ ਜਾਂ ਫੁੱਟ ਨਾ ਹੋਵੇ।’ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੇਯਕੀਨੀ ਵਾਲੇ ਆਲਮੀ ਵਾਤਾਵਰਨ ਵਿੱਚ ਸਥਿਰ, ਪਾਰਦਰਸ਼ੀ ਅਤੇ ਪ੍ਰਗਤੀਸ਼ੀਲ ਭਾਰਤ ਇਕ ਚੰਗੀ ਖ਼ਬਰ ਹੈ। ઠ ਮੋਦੀ ਨੇ ਕਿਹਾ ਕਿ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦੇ ਮੁੱਦੇ ਗੰਭੀਰ ਆਲਮੀ ਚੁਣੌਤੀਆਂ ਵਜੋਂ ਉਭਰੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ 1997 ਵਿਚ ਜਦੋਂ ਭਾਰਤੀ ਪ੍ਰਧਾਨ ਮੰਤਰੀ ਇਥੇ ਆਏ ਸਨ ਤਾਂ ਭਾਰਤ ਦੀ ਜੀਡੀਪੀ 400 ਅਰਬ ਅਮਰੀਕੀ ਡਾਲਰ ਤੋਂ ਥੋੜ੍ਹੀ ਵੱਧ ਸੀ ਪਰ ਹੁਣ ਇਹ ਛੇ ਗੁਣਾ ਤੋਂ ਵੀ ਵੱਧ ਹੈ।ਡਬਲਿਊਈਐਫ ਦੇ ਵਿਸ਼ਾ-ਵਸਤੂ ‘ਵੰਡੇ ਵਿਸ਼ਵ ਵਿਚ ਸਾਂਝਾ ਭਵਿੱਖ ਸਿਰਜੀਏ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ‘ਵਿਸ਼ਵ ਇਕ ਪਰਿਵਾਰ’ ਦਾ ਫਲਸਫ਼ਾ ਅੱਜ ਦੇ ਵੰਡ ਤੇ ਪਾੜੇ ਵਾਲੇ ਸਮੇਂ ਵਿਚ ਹੋਰ ਵੀ ਢੁਕਵੀਂ ਹੋ ਗਈ ਹੈ।
ਭਾਰਤ ਨੂੰ ਆਪਣੀ ਜਮਹੂਰੀਅਤ ਤੇ ਬਹੁਲਵਾਦ ‘ਤੇ ਮਾਣ ਹੈ। ਇਸ ਮੁਲਕ ਨੇ ਹਮੇਸ਼ਾ ਆਲਮੀ ਸ਼ਾਂਤੀ ਵਿਚ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦਾ ਏਕਤਾ ਤੇ ਏਕੀਕਰਨ ਵਾਲੀਆਂ ਕਦਰਾਂ-ਕੀਮਤਾਂ ਵਿਚ ਦ੍ਰਿੜ੍ਹ ਵਿਸ਼ਵਾਸ ਹੈ। ਉਨ੍ਹਾਂ ਨੇ ਜਲਵਾਯੂ ਤਬਦੀਲੀ ਦੇ ਖ਼ਤਰੇ ਨੂੰ ਠੱਲ੍ਹਣ ਲਈ ਵਿਸ਼ਵ ਨੂੰ ਵਿਚਾਰ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਨ ਨਾਲ ਪਿਆਰ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ।
ਮੋਦੀ ਤੇ ਟਰੂਡੋ ਦੀ ਮੁਲਾਕਾਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਿਟਜ਼ਰਲੈਂਡ ਵਿਚ ਵਰਲਡ ਇਕਨਾਮਿਕ ਫੋਰਮ ਸਬੰਧੀ ਇੱਕ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਮੋਦੀ ਵੱਲੋਂ ਅੱਤਵਾਦ ਦਾ ਮੁੱਦਾ ਚੁੱਕਿਆ ਗਿਆ। ਮੋਦੀ ਨੇ ਟਰੂਡੋ ਨਾਲ ਹੋਈ ਗੱਲਬਾਤ ਵਿਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਤਵਾਦ ਦੇ ਮੁੱਦੇ ‘ਤੇ ਕੋਈ ਵੀ ਵਿਰੋਧ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਮੋਦੀ ਨੇ ਦੋਵਾਂ ਦੇਸ਼ਾਂ ਨੂੰ ਇਕੱਠੇ ਹੋ ਕਿ ਅੱਤਵਾਦ ਖ਼ਿਲਾਫ਼ ઠਲੜਨ ਦੀ ਗੱਲ ઠਵੀ ਕਹੀ ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …