ਨਵੀਂ ਦਿੱਲੀ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਦੁਵੱਲੇ ਵਪਾਰ ਸਬੰਧੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ। ਦੋਵਾਂ ਮੰਤਰੀਆਂ ਦੀ ਇਹ ਮੀਟਿੰਗ ਗੁਜਰਾਤ ਦੇ ਗਾਂਧੀਨਗਰ ਵਿੱਚ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਤੀਸਰੀ ਮੀਟਿੰਗ ਤੋਂ ਵੱਖਰੇ ਤੌਰ ‘ਤੇ ਹੋਈ। ਫਰੀਲੈਂਡ ਕੈਨੇਡਾ ਦੇ ਵਿੱਤ ਮੰਤਰੀ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪੈਨਸ਼ਨ ਫੰਡ ਭਾਰਤ ਦੇ ਬੁਨਿਆਦੀ ਫੰਡਾਂ ਵਿੱਚ ਨਿਵੇਸ਼ ਕਰਨ ਦੇ ਇੱਛੁਕ ਹਨ, ਕਿਉਂਕਿ ਭਾਰਤ ਵਿੱਚ ਨਿਵੇਸ਼ ਦਾ ਮਾਹੌਲ ਕਾਫ਼ੀ ਸਥਿਰ ਹੈ। ਵਿੱਤ ਮੰਤਰਾਲੇ ਨੇ ਟਵੀਟ ਕੀਤਾ, ”ਦੋਵਾਂ ਆਗੂਆਂ ਨੇ ਭਾਰਤ-ਕੈਨੇਡਾ ਦਰਮਿਆਨ ਚੱਲ ਰਹੀ ਵਪਾਰ ਗੱਲਬਾਤ ਦੀ ਪ੍ਰਗਤੀ ਦੀ ਸਮੀਖਿਆ ਕੀਤੀ।” ਦੋਵਾਂ ਮੰਤਰੀਆਂ ਨੇ ਜੀ-20 ਵਿੱਤੀ ਮਸਲਿਆਂ ਬਾਰੇ ਵੀ ਚਰਚਾ ਕੀਤੀ।