Breaking News
Home / ਦੁਨੀਆ / ਪਾਕਿਸਤਾਨ ‘ਚ ਪੀਐਮ ਹਾਊਸ ਦੀਆਂ ਕਾਰਾਂ ਦੀ ਹੋਈ ਨਿਲਾਮੀ

ਪਾਕਿਸਤਾਨ ‘ਚ ਪੀਐਮ ਹਾਊਸ ਦੀਆਂ ਕਾਰਾਂ ਦੀ ਹੋਈ ਨਿਲਾਮੀ

ਅੰਮ੍ਰਿਤਸਰ : 300 ਖਰਬ ਰੁਪਏ ਤੋਂ ਵਧੇਰੇ ਦੇ ਕਰਜ਼ੇ ਹੇਠ ਦੱਬੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਰਕਾਰੀ ਨਿਵਾਸ ਵਿਚ ਇਸਤੇਮਾਲ ਲਈ ਰੱਖੀਆਂ ਮਹਿੰਗੀਆਂ ਤੇ ਵਿਦੇਸ਼ੀ ਕਾਰਾਂ ਤੇ ਜੀਪਾਂ ਦੀ ਨਿਲਾਮੀ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਲੋਂ ਸਰਕਾਰੀ ਨਿਵਾਸ ਵਿਚ ਰੱਖੀਆਂ 8 ਮੱਝਾਂ ਦੀ ਵੀ ਨਿਲਾਮੀ ਕਰਵਾਈ ਜਾ ਰਹੀ ਹੈ।
ਕਾਰ ਨਾਲੋਂ ਹੈਲੀਕਾਪਟਰ ਦਾ ਸਫ਼ਰ ਕਿਫ਼ਾਇਤੀ ਹੋਣ ਦਾ ਦਾਅਵਾ ਕਰਨ ਵਾਲੇ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਇਸ ਨਿਲਾਮੀ ਵਿਚ 5 ਕਰੋੜ ਦੀ ਲਗਜ਼ਰੀ ਕਾਰ ਦੇ 6-7 ਕਰੋੜ ਵਿਚ ਵਿਕਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਹਨ ਸਭ ਤੋਂ ਉੱਚੀ ਬੋਲੀ ਲਾਉਣ ਵਾਲੇ ਹੀ ਖ਼ਰੀਦ ਸਕਣਗੇ। ਪਾਕਿ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਵਿਚ 200 ਤੋਂ ਵਧੇਰੇ ਕਾਰਾਂ, ਜੀਪਾਂ ਤੇ ਹੋਰ ਵਾਹਨ ਮੌਜੂਦ ਹਨ, ਜਿਨ੍ਹਾਂ ਵਿਚੋਂ 102 ਵਾਹਨਾਂ ਦੀ ਨਿਲਾਮੀ ਕਰਵਾਈ ਜਾ ਰਹੀ ਹੈ। ਇਨ੍ਹਾਂ ਵਿਚ ਕੁਝ ਵਾਹਨ ਅਸਲੋਂ ਹੀ ਖਸਤਾ ਹਾਲਤ ਵਿਚ ਹਨ ਤੇ ਕੁਝ 32 ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਨਿਲਾਮੀ ਦੇ ਪਹਿਲੇ ਪੜਾਅ ਵਿਚ 27 ਬੁਲੇਟ ਪਰੂਫ਼ ਕਾਰਾਂ ਸਮੇਤ ਕੁੱਲ 70 ਵਾਹਨਾਂ ਦੀ ਨਿਲਾਮੀ ਕਰਵਾਈ ਗਈ, ਜਿਨ੍ਹਾਂ ਵਿਚੋਂ ਇਕ ਕਾਰ 11 ਲੱਖ (ਪਾਕਿ ਕਰੰਸੀ) ਵਿਚ ਵਿਕੀ। ਮੁੱਖ ਮੰਤਰੀ ਅਨੁਸਾਰ ਜਨਵਰੀ 2013 ਤੋਂ ਜਨਵਰੀ 2017 ਤਕ ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਦੁਆਰਾ ਇਸਤੇਮਾਲ ਕੀਤੇ ਗਏ 398 ਸਰਕਾਰੀ ਵਾਹਨਾਂ ‘ਤੇ 622 ਮਿਲੀਅਨ ਰੁਪਏ ਖਰਚੇ ਜਾ ਚੁੱਕੇ ਹਨ। ਮੰਤਰੀ ਫਵਾਦ ਚੌਧਰੀ ਅਨੁਸਾਰ ਨਿਲਾਮੀ ਦੇ ਦੂਜੇ ਪੜਾਅ ਵਿਚ 41 ਵਿਦੇਸ਼ੀ ਕਾਰਾਂ, 28 ਮਰਸਡੀਜ਼ ਬੈਂਜ਼ ਕਾਰਾਂ, 8 ਬੁਲਟ ਪਰੂਫ਼ ਬੀ.ਐਮ.ਡਬਲਿਊ ਕਾਰਾਂ, 5 ਐਸ.ਯੂ.ਵੀ. ਤੇ 3000 ਸੀ.ਸੀ. ਦੀਆਂ ਦੋ ਐਸ.ਯੂ.ਵੀ. ਕਾਰਾਂ ਵੀ ਵੇਚੀਆਂ ਜਾ ਰਹੀਆਂ ਹਨ। ਇਨ੍ਹਾਂ ਤੋਂ ਬਾਅਦ 2 ਜੀਪਾਂ, 9 ਹੌਂਡਾ ਕਾਰਾਂ, 40 ਟੋਯੋਟਾ ਕਾਰਾਂ, ਇਕ ਲੈਕਸਸ ਐਸ.ਯੂ.ਵੀ., 2 ਲੈਂਡ ਕਰੂਜ਼ਰ ਕਾਰਾਂ, 8 ਸੁਜ਼ੂਕੀ ਕਾਰਾਂ ਤੇ 5 ਮਿਤਸੁਬਿਸ਼ੀ ਵਾਹਨਾਂ ਦੀ ਨੀਲਾਮੀ ਕਰਵਾਈ ਜਾਵੇਗੀ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …