Breaking News
Home / ਦੁਨੀਆ / ਭਾਰਤੀ ਅਮਰੀਕੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦਾ ਕਾਤਲ ਕੈਲੀਫੋਰਨੀਆ ‘ਚ ਗ੍ਰਿਫ਼ਤਾਰ

ਭਾਰਤੀ ਅਮਰੀਕੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦਾ ਕਾਤਲ ਕੈਲੀਫੋਰਨੀਆ ‘ਚ ਗ੍ਰਿਫ਼ਤਾਰ

ਲਾਸ ਏਂਜਲਸ : ਭਾਰਤਵੰਸ਼ੀ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੀ ਹੱਤਿਆ ਦੇ ਸ਼ੱਕੀ ਪੈਰੇਜ਼ ਏਰੀਯਾਗਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਲੰਬੇ ਸਮੇਂ ਤੋਂ ਕੈਲੀਫੋਰਨੀਆ ਵਿਚ ਨਜਾਇਜ਼ ਤੌਰ ‘ਤੇ ਰਹਿ ਰਹੇ 33 ਸਾਲਾ ਏਰੀਯਾਗਾ ਨੇ ਕ੍ਰਿਸਮਸ ਦੀ ਰਾਤ ਨਿਊਮੈਨ ਇਲਾਕੇ ਵਿਚ ਡਿਊਟੀ ਕਰ ਰਹੇ ਕਾਰਪੋਰਲ ਰੋਨਿਲ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਏਰੀਯਾਗਾ ਮੈਕਸੀਕੋ ਨਿਵਾਸੀ ਸੀ। ਇਸ ਘਟਨਾ ਪਿੱਛੋਂ ਸ਼ਰਨਾਰਥੀਆਂ ਨੂੰ ਦੇਸ਼ ਵਿਚ ਰਹਿਣ ਦੇਣ ‘ਤੇ ਇਕ ਨਵੀਂ ਬਹਿਸ ਹੋ ਗਈ ਹੈ। ਮੈਕਸੀਕੋ ਨਾਲ ਲੱਗਦੀ ਅਮਰੀਕੀ ਸੀਮਾ ‘ਤੇ ਦੀਵਾਰ ਖੜ੍ਹੀ ਕਰਨ ਦੇ ਆਪਣੇ ਪ੍ਰਸਤਾਵ ਦੇ ਪੱਖ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਟਰੰਪ ਇਸ ਦੀਵਾਰ ਲਈ ਸੰਸਦ ਤੋਂ ਪੰਜ ਅਰਬ ਡਾਲਰ (ਲਗਪਗ 35 ਹਜ਼ਾਰ ਕਰੋੜ ਰੁਪਏ) ਦੀ ਮੰਗ ਕਰ ਰਹੇ ਹਨ। ਸਟੇਨਿਸਲਾਸ ਦੇ ਕਾਊਂਟੀ ਸ਼ੇਰਿਫ ਐਡਮ ਕ੍ਰਿਸਟੀਅੰਸਨ ਮੁਤਾਬਕ ਰੋਨਿਲ ਦੀ ਹੱਤਿਆ ਪਿੱਛੋਂ ਪੁਲਿਸ ਕਾਤਲ ਦੀ ਭਾਲ ਵਿਚ ਲੱਗੀ ਹੋਈ ਸੀ। ਸਾਨੂੰ ਜਾਣਕਾਰੀ ਮਿਲੀ ਕਿ ਏਰੀਯਾਗਾ ਕੈਲੀਫੋਰਨੀਆ ਦੇ ਬੇਕਰਸਫੀਲਡ ਸ਼ਹਿਰ ਦੇ ਇਕ ਘਰ ਵਿਚ ਲੁੱਕਿਆ ਹੈ। ਅਸੀਂ ਕਾਰਵਾਈ ਕਰਦੇ ਹੋਏ ਇਕ ਔਰਤ ਅਤੇ ਤਿੰਨ ਹੋਰ ਵਿਅਕਤੀਆਂ ਸਮੇਤ ਉਸ ਨੂੰ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਰੋਨਿਲ ਨੇ ਨਸ਼ੇ ਵਿਚ ਗੱਡੀ ਚਲਾਉਣ ਦੇ ਸ਼ੱਕ ਵਿਚ ਏਰੀਯਾਗਾ ਨੂੰ ਖਿੱਚਿਆ ਸੀ। ਇਸੇ ਦੌਰਾਨ ਏਰੀਯਾਗਾ ਨੇ ਉਨ੍ਹਾਂ ‘ਤੇ ਗੋਲ਼ੀ ਚਲਾ ਦਿੱਤੀ। ਏਰੀਯਾਗਾ ਇਕ ਅਪਰਾਧਿਕ ਗਿਰੋਹ ਦਾ ਮੈਂਬਰ ਵੀ ਹੈ। ਹੱਤਿਆ ਪਿੱਛੋਂ ਉਹ ਮੈਕਸੀਕੋ ਭੱਜਣ ਦੀ ਤਾਕ ਵਿਚ ਸੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …