ਵਾਸ਼ਿੰਗਟਨ/ਬਿਊਰੋ ਨਿਊਜ਼ : ਪਿਛਲੇ ਦਿਨਾਂ ਤੋਂ ਅੰਸ਼ਕ ਤੌਰ ‘ਤੇ ਠੱਪ ਪਏ ਸਰਕਾਰੀ ਕੰਮਕਾਰ ਨੂੰ ਮੁੜ ਤੋਂ ਪੱਟੜੀ ‘ਤੇ ਲਿਆਉਣ ਲਈ ਹੋ ਰਹੀ ਗੱਲਬਾਤ ਵਿਚ ਅੜਿੱਕਾ ਬਰਕਰਾਰ ਰਹਿਣ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਡੈਮੋਕਰੈਟਾਂ ਨੂੰ ਨਿਸ਼ਾਨਾ ਬਣਾ ਕੇ ਟਵੀਟ ਕਰ ਰਹੇ ਹਨ। ਟਰੰਪ ਕ੍ਰਿਸਮਸ ਦੌਰਾਨ ਫਲੋਰਿਡਾ ਦੇ ਕਲੱਬ ਵਿਚ ਛੁੱਟੀਆਂ ਮਨਾਉਣ ਦੀ ਥਾਂ ਇਸ ਠੱਪ ਪਏ ਕੰਮਕਾਰ ਕਾਰਨ ਵ੍ਹਾਈਟ ਹਾਊਸ ਵਿਚ ਫਸੇ ਹੋਏ ਸਨ। ਸੰਘੀ ਸੇਵਾਵਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹ ਨਾ ਮਿਲਣ ਦੀ ਸਮੱਸਿਆ ਨਵੇਂ ਸਾਲ ਵਿਚ ਵੀ ਜਾਰੀ ਰਹਿਣ ਦਾ ਖਦਸ਼ਾ ਹੈ।ਦੋਵਾਂ ਧਿਰਾਂ ਵਿਚਾਲੇ ਹੋ ਰਹੀ ਦੂਸ਼ਣਬਾਜ਼ੀ ਦੌਰਾਨ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਟਰੰਪ ਨੇ ਸੰਘੀ ਖਜ਼ਾਨੇ ਵਿਚੋਂ ਅਰਬਾਂ ਡਾਲਰ ਅਮਰੀਕਾ-ਮੈਕਸਿਕੋ ਵਿਚਾਲੇ ਕੰਧ ਬਣਾਉਣ ਲਈ ਮੰਗੀ ਹੈ। ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਦਾ ਕਹਿਣਾ ਹੈ ਕਿ ਉਹ ਇਸ ਖਜ਼ਾਨੇ ਦੀ ਵਰਤੋਂ ਇਹ ਕੰਧ ਬਣਾਉਣ ਲਈ ਨਹੀਂ ਕਰਨ ਦੇਣਗੇ। ਟਰੰਪ ਨੇ ਸ਼ਨਿਚਰਵਾਰ ਨੂੰ ਟਵੀਟ ਕੀਤਾ ਕਿ ਉਹ ਵ੍ਹਾਈਟ ਹਾਊਸ ਵਿਚ ਡੈਮੋਕਰੈਟਾਂ ਦੀ ਉਡੀਕ ਕਰ ਰਹੇ ਹਨ ਕਿ ਉਹ ਆਉਣ ਤੇ ਸੀਮਾ ਸੁਰੱਖਿਆ ਬਾਰੇ ਸਮਝੌਤਾ ਕਰਨ। ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਬਹੁਤ ਘੱਟ ਹੋਈ ਹੈ। ਇੱਥੋਂ ਤੱਕ ਕਿ ਟਰੰਪ ਨੇ ਬਹੁਮਤ ਵਾਲੀ ਆਪਣੀ ਰਿਪਬਲਿਕਨ ਪਾਰਟੀ ਨੂੰ ਵੀ ਇੱਕ ਹੋਰ ਹਫ਼ਤਾ ਅਮਰੀਕੀ ਕਾਂਗਰਸ ਵਿਚ ਕੰਮਕਾਰ ਜਾਰੀ ਰੱਖਣ ਨੂੰ ਨਹੀਂ ਕਿਹਾ। ਕੰਧ ‘ਤੇ ਗੱਲਬਾਤ ਲਈ ਡੈਮੋਕਰੈਟਾਂ ਨੂੰ ਸੱਦਾ ਦਿੰਦਿਆਂ ਟਰੰਪ ਨੇ ਸੀਮਾ ਪੈਟਰੋਲਿੰਗ ਪਾਰਟੀ ਦੀ ਹਿਰਾਸਤ ਵਿਚ ਦੋ ਬੱਚਿਆਂ ਦੇ ਮਰਨ ਨੂੰ ਲੈ ਕੇ ਹੋ ਰਹੀ ਪ੍ਰਸ਼ਾਸਨ ਦੀ ਆਲੋਚਨਾ ਨੂੰ ਵੀ ਖਾਰਜ ਕਰ ਦਿੱਤਾ। ਟਰੰਪ ਦਾ ਦਾਅਵਾ ਹੈ ਕਿ ਇਹ ਮੌਤਾਂ ਪੂਰੀ ਤਰ੍ਹਾਂ ਡੈਮੋਕਰੈਟਸ ਅਤੇ ਉਨ੍ਹਾਂ ਦੀ ਖਰਾਬ ਤਬਾਦਲਾ ਨੀਤੀ ਦਾ ਨਤੀਜਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …