10.3 C
Toronto
Saturday, November 8, 2025
spot_img
Homeਦੁਨੀਆਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਸ਼ੱਟਡਾਊਨ

ਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਸ਼ੱਟਡਾਊਨ

ਅਜਾਇਬ ਘਰ ਤੇ ਹੋਰ ਸਹੂਲਤਾਂ ਠੱਪ ਹੋਣ ਦਾ ਵੀ ਖਦਸ਼ਾ
ਵਾਸ਼ਿੰਗਟਨ : ਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਸ਼ੱਟਡਾਊਨ ਜੇਕਰ ਜਾਰੀ ਰਿਹਾ ਤਾਂ ਅਗਲੇ ਹਫ਼ਤੇ ਦੇ ਵਿਚਕਾਰ ਮਸ਼ਹੂਰ ਅਜਾਇਬ ਘਰ ਅਤੇ ਗੈਲਰੀਆਂ ਦੇ ਬੰਦ ਹੋਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਨੈਸ਼ਨਲ ਚਿੜੀਆ ਘਰ ਅਤੇ ਨੈਸ਼ਨਲ ਮਾਲ ਨੇੜਲੇ ਆਈਸ ਰਿੰਕ ਦੇ ਵੀ ਠੱਪ ਹੋਣ ਦੇ ਆਸਾਰ ਬਣ ਗਏ ਹਨ। ਸੈਲਾਨੀਆਂ ਦੀਆਂ ਪਸੰਦੀਦਾ ਥਾਵਾਂ ਅਜੇ ਨਾ ਵਰਤੇ ਗਏ ਪੈਸਿਆਂ ਦੇ ਸਹਾਰੇ ਚੱਲ ਰਹੀਆਂ ਹਨ। ਨੈਸ਼ਨਲ ਗੈਲਰੀ ਆਫ਼ ਆਰਟ ਵੀ ਬੰਦ ਹੋ ਸਕਦੀ ਹੈ। ਉਂਜ ਇਹ ਗੈਲਰੀ ਨਵੇਂ ਸਾਲ ਵਾਲੇ ਦਿਨ ਅਕਸਰ ਬੰਦ ਰਹਿੰਦੀ ਹੈ। ਕੌਮੀ ਪਾਰਕਾਂ ਦੀ ਹਾਲਤ ‘ਤੇ ਵੀ ਸ਼ੱਟਡਾਊਨ ਨੇ ਮਾੜਾ ਅਸਰ ਪਾਇਆ ਹੈ। ਕੁਝ ਪਾਰਕ ਸੂਬਿਆਂ ਤੋਂ ਮਿਲੇ ਪੈਸਿਆਂ ਜਾਂ ਦਾਨੀ ਜਥੇਬੰਦੀਆਂ ਦੇ ਸਹਾਰੇ ਖੁਲ੍ਹੇ ਪਏ ਹਨ ਜਦਕਿ ਬਾਕੀਆਂ ਨੂੰ ਤਾਲੇ ਲਗਾਉਣੇ ਪੈ ਗਏ ਹਨ। ਮਸਲੇ ਦਾ ਕੋਈ ਹੱਲ ਨਾ ਨਿਕਲਣ ਕਰਕੇ ਹਜ਼ਾਰਾਂ ਸੰਘੀ ਵਰਕਰ ਅਤੇ ਠੇਕੇਦਾਰ ਜਾਂ ਤਾਂ ਬਿਨਾ ਤਨਖ਼ਾਹ ਦੇ ਕੰਮ ਕਰ ਰਹੇ ਹਨ ਜਾਂ ਫਿਰ ਉਹ ਘਰ ਬੈਠ ਗਏ ਹਨ। ਏਜੰਸੀਆਂ ਵੀ ਲੋੜੀਂਦੀਆਂ ਸੇਵਾਵਾਂ ਦੇਣ ਦੇ ਅਸਮਰੱਥ ਹੋ ਗਈਆਂ ਹਨ। ਵਾਤਾਵਰਨ ਸੁਰੱਖਿਆ ਏਜੰਸੀ ਵੱਲੋਂ ਆਫ਼ਤ ਪ੍ਰਬੰਧਨ ਟੀਮਾਂ ਅਤੇ ਹੋਰ ਲੋੜੀਂਦੇ ਵਰਕਰਾਂ ਨੂੰ ਕੰਮ ‘ਤੇ ਰੱਖਿਆ ਗਿਆ ਹੈ ਪਰ ਉਹ ਵੀ ਕਰੀਬ 14 ਹਜ਼ਾਰ ਵਰਕਰਾਂ ਨੂੰ ਛੁੱਟੀ ਦੇਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੈਕਸਿਕੋ ਨਾਲ ਲਗਦੀ ਸਰਹੱਦ ‘ਤੇ ਦੀਵਾਰ ਬਣਾਉਣ ਲਈ ਸੈਨੇਟ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਕਰਕੇ ਅਮਰੀਕਾ ਵਿਚ ਤਾਲਾਬੰਦੀ ਵਾਲੇ ਹਾਲਾਤ ਬਣੇ ਹਨ ਅਤੇ ਇਸ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS