ਕੈਲੀਫੋਰਨੀਆ : 38ਵੇਂ ਗੁਰਤਾਗੱਦੀ ਦਿਵਸ ਦੌਰਾਨ ਯੂਬਾ ਸਿਟੀ, ਕੈਲੀਫੋਰਨੀਆ ਵਿਚ ਵਿਸ਼ਵ ਪੱਧਰੀ ਸੰਗਤਾਂ ਦੀ ਭਾਰੀ ਇਕੱਤਰਤਾ ਨੇ ਪੁਰਾਣੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ। ਇਸ ਮਹਾਨ ਨਗਰ ਕੀਰਤਨ ਦੇ ਨਾਲ ਕਰੀਬ ਦੋ ਹਫਤੇ ਤੋਂ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਸਮਾਪਤੀ ਹੋ ਗਈ। ਇਸ ਮਹਾਨ ਨਗਰ ਕੀਰਤਨ ਦੌਰਾਨ, ਜਿੱਥੇ ਸਿੱਖ ਸੰਗਤਾਂ ਦੀ ਗਿਣਤੀ ਇਸ ਵਾਰ ਤਕਰੀਬਨ ਦੋ ਲੱਖ ਤਕ ਤੱਕ ਪੁੱਜ ਗਈ, ਉਥੇ ਵੱਡੇ ਪੱਧਰ ‘ਤੇ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਆਪਣੇ-ਆਪਣੇ ਬੈਨਰਾਂ ਥੱਲੇ ਆਪਣੀ-ਆਪਣੀ ਹੋਂਦ ਦਾ ਮੁਜ਼ਾਹਰਾ ਵੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਸ਼ੁਰੂ ਹੋਈ, ਕੀਰਤਨ ਦਰਬਾਰ ਹੋਇਆ, ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਮਾਗਮਾਂ ਵਿਚ ਢਾਡੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਰੈਣ ਸੂਬਾਈ ਕੀਰਤਨ ਹੋਇਆ, ਜਿਸ ਵਿਚ ਪ੍ਰਸਿੱਧ ਰਾਗੀਆਂ ਨੇ ਹਾਜ਼ਰੀ ਦਿੱਤੀ। ਇਨ੍ਹਾਂ ਸਮਾਗਮਾਂ ‘ਚ ਢਾਡੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਹੋਰ ਢਾਡੀ ਜਥੇ ਸ਼ਾਮਲ ਹੋਏ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਟਾਇਰਾ ਬਿਊਨਾ ਯੂਬਾਸਿਟੀ ਦਾ ਨਿਰੰਤਰ ਚਲਿਆ ਆ ਰਿਹਾ 38ਵਾਂ ਨਗਰ ਕੀਰਤਨ ਐਤਕਾਂ ਸਿੱਧਾ ਸੰਗਤਾਂ ਦਾ ਮਹਾਂਕੁੰਭ ਹੋ ਨਿਬੜਿਆ।
16 ਸਤੰਬਰ ਤੋਂ ਸ਼ੁਰੂ ਕੀਤੀ ਗਈ ਅਖੰਡ ਪਾਠਾਂ ਦੀ ਲੜੀ 05 ਨਵੰਬਰ ਨੂੰ ਸਮਾਪਤੀ ਭੋਗ ਉਪਰੰਤ ਨਗਰ ਕੀਰਤਨ ਦੀ ਪ੍ਰਾਰੰਭਤਾ ਅਤੇ ਸੰਪੂਰਨਤਾ ਪ੍ਰਤੀ ਥੋੜ੍ਹੇ ਸ਼ਬਦਾਂ ਵਿਚ ਭਾਵੇਂ ਉਕਰਨਾ ਇੰਨਾ ਸੰਭਵ ਨਹੀਂ। ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸੰਗਤਾਂ ਪ੍ਰਤੀਕ ਲੱਖਾਂ ਦੀ ਗਿਣਤੀ ਵਿਚ ਦੇਖ ਕੇ ਮਨ ਵਿਚ ਖੁਸ਼ੀ ਦਾ ਹੁਲਾਸ ਹੋਣਾ ਕੁਦਰਤੀ ਸੀ। ਪ੍ਰਤੱਖ ਰੂਪ ਵਿਚ ਆਮ ਤੌਰ ‘ਤੇ ਕਥਿਤ ਮਿੰਨੀ ਪੰਜਾਬ ਅਖਵਾਉਣ ਵਾਲੀ ਯੂਬਾਸਿਟੀ ਮਹਾਂ ਪੰਜਾਬ ਦਾ ਰੂਪ ਧਾਰਨ ਕਰ ਗਈ। ਸੰਗਤਾਂ ਦਾ ਅਥਾਹ ਬੇਮਿਸਾਲ ਭਾਰੀ ਇਕੱਠ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਭਾਵਨਾ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵੇਲੇ ਸਤਿਗੁਰਾਂ ਦੇ ਸਤਿਕਾਰ ਲਈ ਉਮੜੀ ਹੋਈ ਸੰਗਤ ਦੀ ਛਹਿਬਰ ਇਕ ਸਵਰਗ ਦਾ ਨਜ਼ਾਰਾ ਪੇਸ਼ ਕਰਦੀ ਸੀ। ਸਮੂਹ ਪ੍ਰਿੰਟ, ਇਲੈਕਟ੍ਰਾਨਿਕ ਮੀਡੀਆ ਵਲੋਂ ਕਵਰੇਜ਼ ਕੀਤੀ ਜਾ ਰਹੀ ਸੀ ਯੂਬਾ ਸਿਟੀ ਦਾ ਇਹ 38ਵਾਂ ਮਹਾਨ ਨਗਰ ਕੀਤਰਨ ਰੂਹਾਨੀ ਇਲਾਹੀ ਖਾਲਸਾਈ ਰਗ ਚ ਰੰਗਿਆ ਇੱਕ ਇਤਹਾਸਕ ਤੇ ਯਾਦਗਾਰੀ ਨਗਰ ਕੀਰਤਨ ਸੀ।