Breaking News
Home / Special Story / ਨੋਟਬੰਦੀ ਦਾ ਇਕ ਸਾਲ : ਕਿਤੇ ਖੁਸ਼ੀ ਅਤੇ ਕਿਤੇ ਗਮ

ਨੋਟਬੰਦੀ ਦਾ ਇਕ ਸਾਲ : ਕਿਤੇ ਖੁਸ਼ੀ ਅਤੇ ਕਿਤੇ ਗਮ

ਵਪਾਰ, ਸਨਅਤਾਂ ਤੇ ਟਰਾਂਸਪੋਰਟ ਸਾਲ ਪਿੱਛੋਂ ਵੀ ਉਭਰ ਨਹੀਂ ਸਕੇ, ਆਈਐਮਏ, ਪੈਟਰੋਲ ਪੰਪ ‘ਤੇ ਜ਼ਿਆਦਾ ਅਸਰ ਨਹੀਂ, ਲੋਕ ‘ਪਲਾਸਟਿਕ ਮਨੀ’ ਰਹੇ ਹਨ ਵਰਤ
ਜਲੰਧਰ : 8 ਨਵੰਬਰ ਨੂੰ ਨੋਟਬੰਦੀ ਨੂੰ ਇਕ ਸਾਲ ਹੋ ਗਿਆ ਹੈ। ਮੁਲਕ ਵਿਚ ਕੈਸ਼ਲੈਸ ਤੇ ਪਲਾਸਟਿਕ ਮਨੀ ਨੇ ਭਾਵੇਂ ਕਈ ਖੇਤਰਾਂ ਵਿਚ ਅਸਰਦਾਰ ਛਾਪ ਛੱਡੀ ਹੋਵੇ, ਪਰ ਕੈਸ਼ਲੈਸ ਨੇ ਕਈ ਖੇਤਰਾਂ ਵਿਚ ਵਪਾਰੀਆਂ ਤੇ ਵੱਡੇ ਕਾਰੋਬਾਰਾਂ ਵਾਲਿਆਂ ਦੀਆਂ ਮੁਸ਼ਕਲਾਂ ਵੀ ਵਧੀਆਂ ਹਨ। ਜੇ ਗੱਲ ਵਪਾਰ, ਸਿਹਤ ਸਹੂਲਤਾਂ, ਪੈਟਰੋਲੀਅਮ ਖੇਤਰ, ਟਰਾਂਸਪੋਰਟ, ਇੰਡਸਟਰੀ ਵਗੈਰਾ ਦੀ ਕਰੀਏ ਤਾਂ ਨੋਟਬੰਦੀ ਦੇ ਇਕ ਸਾਲ ਮਗਰੋਂ ਵੀ ਸੂਬੇ ਵਿਚ ਕਿਤੇ ਖੁਸ਼ੀ, ਕਿਤੇ ਗਮ ਵਾਲਾ ਮਾਹੌਲ ਹੈ। ਸੂਬੇ ਵਿਚ ਬਹੁਤੇ ਖੇਤਰ ਇਹੋ ਜਿਹੇ ਹਨ ਜੋ ਨੋਟਬੰਦੀ ਨੂੰ ਇਕ ਸਾਲ ਲੰਘਣ ਮਗਰੋਂ ਵੀ ਉਭਰ ਨਹੀਂ ਸਕੇ। ਮੈਡੀਕਲ ਤੇ ਪੈਟਰੋਲੀਅਮ ਖੇਤਰ ਪਲਾਸਟਿਕ ਮਨੀ ਦਾ ਫਾਇਦਾ ਲੈ ਰਹੇ ਹਨ ਪਰ ਇਸਦੇ ਬਾਵਜੂਦ ਵਪਾਰ, ਟਰਾਂਸਪੋਰਟ ਤੇ ਸਨਅਤਾਂ ਦਾ ਕੰਮ ਲੀਹਾਂ ‘ਤੇ ਨਾ ਪਰਤਣ ਕਾਰਨ ਰੋਜ਼ਗਾਰ ਸੰਕਟ ਹਾਲੇ ਵੀ ਸਿਰ ਚੁੱਕੀ ਖੜ੍ਹਾ ਹੈ। ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵਾਂਗ ਬ੍ਰਾਂਚਾਂ ਵਿਚ ਹੁਣ ਖਰੀਦਦਾਰੀ ਨਹੀਂ ਹੁੰਦੀ। ਲਿਹਾਜ਼ਾ ਉਤਪਾਦਨ ‘ਤੇ ਇਸਦਾ ਅਸਰ ਪਿਆ ਹੈ। ਉਤਪਾਦਨ ਕਰੀਬ 50 ਫੀਸਦ ਤੱਕ ਘਟਿਆ ਹੈ। ਇਸ ਕਾਰਨ ਮਜ਼ਦੂਰ ਘੱਟ ਰੱਖੇ ਹਨ ਤੇ ਜਿਹੜੇ ਕਿਰਤੀ ਲੰਘੇ ਵਰ੍ਹੇ ਕੰਮ ਛੱਡ ਗਏ ਸਨ, ਨੂੰ ਦੁਬਾਰਾ ਕੰਮ ‘ਤੇ ਨਹੀਂ ਸੱਦਿਆ ਹੈ। ਇਹੀ ਨਹੀਂ ਮਜ਼ਦੂਰ ਅੱਜ ਵੀ ਨਕਦ ਰੂਪ ਵਿਚ ਮਿਹਨਤਾਨਾ ਮੰਗਦੇ ਹਨ ਤੇ ਸਨਅਤਾਂ ਲਈ ਇਹ ਚੁਣੌਤੀ ਬਣ ਗਿਆ ਹੈ। ਉਧਰ ਵੱਡੇ ਵਪਾਰੀ ਇਕੱਠਾ ਮਾਲ ਨਾ ਵੇਚ ਸਕਣ ਕਾਰਨ ਪਰੇਸ਼ਾਨੀ ਵਿਚੋਂ ਲੰਘ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਛੋਟੇ ਵਪਾਰੀ ਪਿਛਲੇ ਸਾਲ ਨੋਟਬੰਦੀ ਤੋਂ ਪਹਿਲਾਂ ਤੱਕ ਵੱਡੀ ਮਿਕਦਾਰ ਵਿਚ ਸਮਾਨ ਖਰੀਦਦੇ ਸਨ, ਉਹ ਘੱਟ ਮਿਕਦਾਰ ਵਿਚ ਮਾਰਕੀਟ ਵਿਚੋਂ ਮਾਲ ਚੁੱਕਦੇ ਹਨ। ਟਰਾਂਸਪੋਰਟਰਾਂ ਦੇ ਆਪਣੇ ਮਸਲੇ ਹਨ ਹਾਲਾਂਕਿ ਉਨ੍ਹਾਂ ਦੇ ਕਾਰੋਬਾਰ ‘ਤੇ ਅਸਰ ਨਹੀਂ ਪਿਆ ਹੈ ਪਰ ਚੈਕ ਬਾਊਂਸ ਪਰੇਸ਼ਾਨੀ ਦੀ ਵਜ੍ਹਾ ਬਣ ਗਏ ਹਨ। ਪਹਿਲਾਂ ਨਕਦੀ ਰਾਹੀਂ ਕੰਮ ਹੁੰਦਾ ਸੀ ਹੁਣ ਲੋਕ ਚੈਕ ਰਾਹੀਂ ਅਦਾਇਗੀ ਕਰਦੇ ਹਨ। ਕਈ ਮਾਮਲਿਆਂ ਵਿਚ ਚੈਕ ਬਾਊਂਸ ਹੋਣ ‘ਤੇ ਟਰਾਂਸਪੋਰਟਰਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਨੋਟਬੰਦੀ ਦਾ ਇਕ ਸਾਲ ਲੰਘ ਜਾਣ ‘ਤੇ ਵੀ ਵੱਖੋ-ਵੱਖ ਤਬਕਿਆਂ ਦੀ ਆਪੋ-ਆਪਣੀ ਰਾਏ ਹੈ।
ਨੋਟਬੰਦੀ ਅਤੇ ਜੀਐਸਟੀ ‘ਤੇ ਡਾ.ਮਨਮੋਹਨ ਸਿੰਘ ਦਾ ਵੱਡਾ ਸਿਆਸੀ ਹਮਲਾ
ਨੋਟਬੰਦੀ ਸੰਗਠਿਤ ਲੁੱਟ ਤੇ ਕਾਨੂੰਨੀ ਡਾਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਦੋ ਮੁੱਖ ਆਰਥਿਕ ਮਸਲਿਆਂ ਨੋਟਬੰਦੀ ਤੇ ਜੀਐਸਟੀ ‘ਤੇ ਵੱਡਾ ਹਮਲਾ ਬੋਲਿਆ ਹੈ। ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਡਾ. ਮਨਮੋਹਨ ਸਿੰਘ ਨੇ ਅਹਿਮਦਾਬਾਦ ਵਿਚ ਕਿਹਾ ਕਿ 8 ਨਵੰਬਰ, 2016 ਨੂੰ ਨੋਟਬੰਦੀ ਕਰਨਾ ਸੰਗਠਿਤ ਲੁੱਟ ਤੇ ਕਾਨੂੰਨੀ ਡਾਕਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨੋਟਬੰਦੀ ਦਾ ਜੋ ਮਕਸਦ ਸੀ, ਉਹ ਪੂਰਾ ਨਹੀਂ ਹੋਇਆ ਹੈ। ਕਾਲੇ ਧਨ ਵਾਲੇ ਫੜੇ ਨਹੀਂ ਗਏ ਤੇ ਉਹ ਬਾਹਰ ਭੱਜ ਗਏ। ਜੀਐਸਟੀ ਨੇ ਛੋਟੇ ਕਾਰੋਬਾਰੀਆਂ ਨੂੰ ਮਾਰ ਦਿੱਤਾ। ਉਨ੍ਹਾਂ ਲਈ ਇਹ ਬੁਰੇ ਸੁਫਨੇ ਜਿਹਾ ਹੈ। ਆਮ ਲੋਕਾਂ ਨੂੰ ਇਸ ਲਈ ਬਹੁਤ ਪ੍ਰੇਸ਼ਾਨੀ ਹੋਈ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਕਾਰਜਕਾਲ ਵਿਚ 14 ਕਰੋੜ ਲੋਕਾਂ ਨੂੰ ਗਰੀਬੀ ਤੋਂ ਮੁਕਤ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 8 ਨਵੰਬਰ 2016 ਨੂੰ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਫੈਸਲਾ ਲਿਆ ਸੀ।
ਨੋਟਬੰਦੀ ਤੋਂ ਸਰਕਾਰ ਸੰਤੁਸ਼ਟ : ਜੇਤਲੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟਬੰਦੀ ਦਾ ਫ਼ੈਸਲਾ ਇਕ ਨੈਤਿਕ ਕਦਮ ਅਤੇ ਮੁਹਿੰਮ ਸੀ। ਜੋ ਨੈਤਿਕ ਰੂਪ ਨਾਲ ਸਹੀ ਹੁੰਦਾ ਹੈ, ਉਹੀ ਸਹੀ ਸਿਆਸਤ ਵੀ ਹੁੰਦੀ ਹੈ। ਨੋਟਬੰਦੀ ਦਾ ਫ਼ੈਸਲਾ ਉਚਿਤ ਸੀ ਅਤੇ ਸਰਕਾਰ ਇਸ ਦੇ ਟੀਚੇ ਅਤੇ ਨਤੀਜੇ ਤੋਂ ਸੰਤੁਸ਼ਟ ਹੈ॥ ਜੇਤਲੀ ਨੇ ਕਿਹਾ ਕਿ ਲੁੱਟ ਤਾਂ ਕਾਂਗਰਸ ਕਾਲ ਵਿਚ ਹੋਇਆ ਕਰਦੀ ਸੀ। ਲੁੱਟ ਉਹ ਹੁੰਦੀ ਹੈ ਜਿਹੜੀ 2ਜੀ, ਕੋਲ ਅਤੇ ਕਾਮਨਵੈਲਥ ਘੁਟਾਲਿਆਂ ਵਿਚ ਕਾਂਗਰਸ ਕਾਲ ਵਿਚ ਹੋਈ। ਉਨ੍ਹਾਂ ਕਿਹਾ ਕਿ 8 ਨਵੰਬਰ, 2016 ਦੇਸ਼ ਦੇ ਅਰਥਚਾਰੇ ਦੇ ਇਤਿਹਾਸ ਦਾ ਇਤਿਹਾਸਕ ਪਲ ਸੀ। ਇਹ ‘ਕਾਲੇ ਧਨ ਦੀ ਖ਼ਤਰਨਾਕ ਬਿਮਾਰੀ’ ਤੋਂ ਦੇਸ਼ ਨੂੰ ਬਚਾਉਣ ਦਾ ਸੰਕਲਪ ਦਰਸਾਉਂਦਾ ਹੈ। ਜੇਤਲੀ ਨੇ ਕਿਹਾ ਕਿ ਭਾਰਤ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਤੇਜ਼ੀ ਨਾਲ ਵੱਧਦੇ ਅਰਥਚਾਰੇ ਵਾਲਾ ਦੇਸ਼ ਬਣਿਆ ਹੋਇਆ ਹੈ।
ਕਾਂਗਰਸ ਵੱਲੋਂ ਨੋਟਬੰਦੀ ਖ਼ਿਲਾਫ਼ ਕੀਤਾ ਮੋਮਬੱਤੀ ਮਾਰਚ
ਮੁਹਾਲੀ : ਪੰਜਾਬ ਕਾਂਗਰਸ ਵੱਲੋਂ ਇੱਥੇ ਮੋਮਬੱਤੀ ਮਾਰਚ ਕੱਢ ਕੇ ਨੋਟਬੰਦੀ ਦੌਰਾਨ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਂਗਰਸ ਨੇ ਨੋਟਬੰਦੀ, ਜੀਐਸਟੀ ਵਰਗੇ ਫ਼ੈਸਲਿਆਂ ਖ਼ਿਲਾਫ਼ ਦੇਸ਼ ਭਰ ਵਿੱਚ ਸੰਘਰਸ਼ ਵਿੱਢਣ ਦਾ ਅਹਿਦ ਲਿਆ। ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਅਗਵਾਈ ਹੇਠ ਕੱਢੇ ਗਏ ਇਸ ਮੋਮਬੱਤੀ ਮਾਰਚ ਵਿੱਚ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਤੋਂ ਇਲਾਵਾ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਬਲਬੀਰ ਸਿੰਘ ਸਿੱਧੂ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਜਸਪਾਲ ਸਿੰਘ ਜ਼ੀਰਕਪੁਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਮੌਜੂਦ ਸਨ। ਮੋਮਬੱਤੀ ਮਾਰਚ ਇੱਥੋਂ ਦੇ ਫ਼ੇਜ਼ ਅੱਠ ਦੇ ਦੁਸਹਿਰਾ ਗਰਾਊਂਡ ਤੋਂ ਸ਼ਾਮ ਸੱਤ ਵਜੇ ਆਰੰਭ ਹੋਇਆ ਤੇ ਫ਼ੇਜ਼ ਸੱਤ ਦੇ ਮੁੱਖ ਚੌਕ ‘ਤੇ ਸਮਾਪਤ ਹੋਇਆ। ਇਸ ਮੌਕੇ ਬੋਲਦਿਆਂ ਜਾਖੜ ਨੇ ਮੋਦੀ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਲਈ ਜਸ਼ਨ ਮਨਾਉਣ ਦੀ ਥਾਂ ਨੋਟਬੰਦੀ ਕਰਕੇ ਦੇਸ਼ ਭਰ ਵਿੱਚ ਮਾਰੇ ਗਏ 150 ਪਰਿਵਾਰਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਦੇਸ਼ ਵਾਸੀਆਂ ਤੋਂ ਇਸ ਗਲਤ ਫ਼ੈਸਲੇ ਲਈ ਮੁਆਫ਼ੀ ਮੰਗਣੀ ਚਾਹੀਦੀ ਸੀ।
ਭਾਜਪਾ ਨੇ ਥਾਪੜੀ ਆਪਣੀ ਪਿੱਠ, ਕਾਂਗਰਸ ਨੇ ਬੋਲਿਆ ਧਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੋਟਬੰਦੀ ਦਾ ਇਕ ਵਰ੍ਹਾ ਮੁਕੰਮਲ ਹੋਣ ‘ਤੇ ਭਾਜਪਾ ਨੇ ਇਸ ਨੂੰ ‘ਕਾਲਾ ਧਨ ਵਿਰੋਧੀ ਦਿਵਸ’ ਵਜੋਂ ਮਨਾਇਆ ਜਦਕਿ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਨੇ ‘ਕਾਲੇ ਦਿਵਸ’ ਵਜੋਂ ਸੜਕਾਂ ‘ਤੇ ਰੋਸ ਮੁਜ਼ਾਹਰੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀਆਂ ਨੇ ਕਾਲੇ ਧਨ ਖ਼ਿਲਾਫ਼ ‘ਫ਼ੈਸਲਾਕੁਨ ਜੰਗ’ ਜਿੱਤ ਲਈ ਹੈ। ਉਨ੍ਹਾਂ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕੇ ਗਏ ਕਦਮਾਂ ਦੀ ਹਮਾਇਤ ਕਰਨ ਲਈ ਭਾਰਤੀਆਂ ਸਾਹਮਣੇ ਸੀਸ ਵੀ ਨਿਵਾਇਆ। ਉਂਜ ਭਾਜਪਾ ਦੀ ਅਹਿਮ ਭਾਈਵਾਲ ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਚ ਰੋਸ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਕੀਤੀ ਅਤੇ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ‘ਸਰਾਧ’ ਕੀਤਾ। ਸਰਕਾਰ ਨੇ ਵਿਰੋਧੀ ਧਿਰ ਦੇ ਹਮਲਿਆਂ ਨੂੰ ਨਾਕਾਮ ਕਰਨ ਲਈ ਕਈ ਮੰਤਰੀਆਂ ਨੂੰ ਮੈਦਾਨ ਵਿਚ ਉਤਾਰਿਆ ਸੀ। ਮੋਦੀ ਨੇ ਕਈ ਟਵੀਟ ਕਰਕੇ ਅਤੇ ਛੋਟੀਆਂ ਫਿਲਮਾਂ ਪਾ ਕੇ ਨੋਟਬੰਦੀ ਦੇ ਲਾਭ ਗਿਣਾਏ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਅਰਥਚਾਰਾ ਲੀਹ ‘ਤੇ ਪਿਆ ਅਤੇ ਗਰੀਬਾਂ ਲਈ ਨੌਕਰੀਆਂ ਦੇ ਦਰ ਖੁਲ੍ਹੇ ਜਦਕਿ ਵਿੱਤ ਪ੍ਰਣਾਲੀ ਵੀ ਸਾਫ ਸੁਥਰੀ ਹੋਈ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੱਖ-ਵੱਖ ਮੰਚਾਂ ‘ਤੇ ਨੋਟਬੰਦੀ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਯੂਕੇ ਦੀ ਅਖ਼ਬਾਰ ਫਾਇਨਾਂਸ਼ੀਅਲ ਟਾਈਮਜ਼ ਵਿਚ ਲੇਖ ਲਿਖਿਆ, ਟਵਿਟਰ ‘ਤੇ ਵਿਚਾਰ ਪ੍ਰਗਟਾਏ ਅਤੇ ਸੂਰਤ ਵਿਚ ਲੋਕਾਂ ਨਾਲ ਮਿਲਣੀ ਦੌਰਾਨ ਨੋਟਬੰਦੀ ਦਾ ਕੋਈ ਫਾਇਦਾ ਨਾ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ, ”ਮੋਦੀ ਦੇ ਸੁਧਾਰਾਂ ਨੇ ਭਾਰਤ ਨੂੰ ਲੁੱਟ ਲਿਆ। ਨੋਟਬੰਦੀ ਕਰਕੇ ਜੀਡੀਪੀ 2 ਫ਼ੀਸਦੀ ਹੇਠਾਂ ਆ ਗਈ ਅਤੇ ਲੱਖਾਂ ਮਜ਼ਦੂਰਾਂ ਦਾ ਜੀਵਨ ਬਰਬਾਦ ਹੋ ਗਿਆ।” ਇਕ ਟਵੀਟ ਵਿਚ ਉਨ੍ਹਾਂ ਸ਼ੇਅਰ ਵੀ ਲਿਖਿਆ,”ਏਕ ਆਂਸੂ ਭੀ ਹਕੂਮਤ ਕੇ ਲੀਏ ਖ਼ਤਰਾ ਹੈ, ਤੁਮਨੇ ਦੇਖਾ ਨਹੀਂ ਆਂਖੋਂ ਕਾ ਸਮੁੰਦਰ ਹੋਣਾ” ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਜਨਵਰੀ-ਅਪਰੈਲ 2017 ਦੌਰਾਨ 15 ਲੱਖ ਨੌਕਰੀਆਂ ਖ਼ਤਮ ਕਰਨਾ ਕਿਥੋਂ ਦੀ ਨੈਤਿਕਤਾ ਹੈ? ਲਾਲੂ ਯਾਦਵ ਨੇ ਕਿਹਾ ਕਿ ਨੋਟਬੰਦੀ ਰਾਹੀਂ ਕਾਲੇ ਧਨ ਨੂੰ ਸਫ਼ੈਦ ‘ਚ ਆਸਾਨੀ ਨਾਲ ਤਬਦੀਲ ਕੀਤਾ ਗਿਆ।
ਆਮ ਆਦਮੀ ਪਾਰਟੀ ਪੰਜਾਬ ਨੇ ਨੋਟਬੰਦੀ ਨੂੰ ਲੈ ਕੇ ਮਨਾਇਆ ਧੋਖਾ ਦਿਵਸ
ਨੋਟਬੰਦੀ ਦੇ ਤੁਗਲਕੀ ਫੈਸਲੇ ਨਾਲ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋਇਆ : ਭਗਵੰਤ ਮਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ‘ਤੇ ਇਸ ਨੂੰ ‘ਧੋਖਾ ਦਿਵਸ’ ਵਜੋਂ ਮਨਾ ਕੇ ਪ੍ਰਧਾਨ ਮੰਤਰੀ ਮੋਦੀ ਦੀ ਜੰਮ ਕੇ ਆਲੋਚਨਾ ਕੀਤੀ। ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੱਸਣ ਕਿ ਦੇਸ਼ ਦੇ ਲੋਕ ਉਨ੍ਹਾਂ ਨੂੰ ਕਿਸ ਚੌਕ ਚੁਰਾਹੇ ਉੱਪਰ ਖੜ੍ਹਾ ਕਰਨ, ਕਿਉਂਕਿ ਨੋਟਬੰਦੀ ਦੇ ਤੁਗ਼ਲਕੀ ਫ਼ੈਸਲੇ ਨਾਲ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋਇਆ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨੋਟਬੰਦੀ ਦਾ ਖੇਤੀ ਸੈਕਟਰ ਉੱਤੇ ਘਾਤਕ ਅਸਰ ਪਿਆ ਹੈ ਕਿਉਂਕਿ ਖੇਤੀ ਖੇਤਰ ਵਿਚ ਕਿਸਾਨ ਜ਼ਿਆਦਾਤਰ ਨਕਦ ਲੈਣ ਦੇਣ ‘ਤੇ ਨਿਰਭਰ ਹੁੰਦਾ ਹੈ। ਇਸੇ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਹੀ ਬੇਰੁਜ਼ਗਾਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਤੋਂ ਵੀ ਵਾਂਝੇ ਹੋਣਾ ਪਿਆ ਹੈ।

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …