7.9 C
Toronto
Wednesday, October 29, 2025
spot_img
Homeਪੰਜਾਬਪੰਜਾਬ ਪੁਲਿਸ ਦੀ ਭਰਤੀ 'ਚੋਂ ਨਿਕਲਿਆ ਸਵਾਲ

ਪੰਜਾਬ ਪੁਲਿਸ ਦੀ ਭਰਤੀ ‘ਚੋਂ ਨਿਕਲਿਆ ਸਵਾਲ

PP copy copyਕਿੱਥੇ ਗਈਆਂ ਨੌਜਵਾਨਾਂ ਦੀਆਂ ਗਜ਼-ਗਜ਼ ਚੌੜੀਆਂ ਛਾਤੀਆਂ!
ਜੰਕ ਫੂਡ ਤੇ ਮੋਬਾਇਲ ਗੇਮਾਂ ਨੇ ਵਿਗਾੜੀ ਜਵਾਨੀ ਦੀ ‘ਗੇਮ’
ਪਟਿਆਲਾ/ਬਿਊਰੋ ਨਿਊਜ਼
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਇਕ ਗੀਤ ਦੀਆਂ ਸਤਰਾਂ ‘ਨਾ ਰਹੀਆਂ ਖੁਰਾਕਾਂ, ਨਾ ਉਹ ਜ਼ੋਰ ਜਵਾਨੀ ਦੇ’ ਅੱਜ ਦੇ ਪੰਜਾਬੀ ਗੱਭਰੂਆਂ ‘ਤੇ ਬਿਲਕੁਲ ਢੁੱਕਦੀਆਂ ਹਨ। ਪੰਜਾਬ ‘ਚ ਚੱਲ ਰਹੀ ਪੁਲਿਸ ਦੀ ਭਰਤੀ ਦੌਰਾਨ ਇਹ ਗੱਲ ਜੱਗ ਜ਼ਾਹਿਰ ਵੀ ਹੋ ਰਹੀ ਹੈ। ਅਜਿਹੇ ਦੌਰ ਵਿਚ ਪੁਲਿਸ ਨੇ ਭਰਤੀ ਦੌਰਾਨ ਗੱਭਰੂਆਂ ਦਾ ਸੀਨਾ ਮਾਪਣਾ ਵੀ ਬੰਦ ਕਰ ਦਿੱਤਾ ਹੈ। ਇਸ ਦਾ ਵੱਡਾ ਕਾਰਨ ਅੱਜ ਦੇ ਗੱਭਰੂਆਂ ਦੇ ਸੀਨੇ ਦੀ ਚੌੜਾਈ ਘੱਟ ਹੋਣਾ ਵੀ ਹੈ। ਪਹਿਲਾਂ ਪੁਲਿਸ ਭਰਤੀ ਲਈ ਕੱਦ 5 ਫੁੱਟ 7 ਇੰਚ ਤੇ ਸੀਨੇ ਦੀ ਚੌੜਾਈ 33 ਇੰਚ ਹੋਣੀ ਲਾਜ਼ਮੀ ਰੱਖੀ ਗਈ ਸੀ। ਸਮੇਂ ਦੇ ਨਾਲ-ਨਾਲ ਪੰਜਾਬੀ ਗੱਭਰੂਆਂ ਦੀਆਂ ਖੁਰਾਕਾਂ ਤੇ ਜ਼ੋਰ ਦੋਵਾਂ ਵਿਚ ਘਾਟ ਦਰਜ ਕੀਤੀ ਗਈ ਹੈ। ਵੱਖ-ਵੱਖ ਭਰਤੀਆਂ ਵਿਚ ਸਰੀਰਕ ਪ੍ਰੀਖਿਆਵਾਂ ‘ਚ ਅਸਫਲ ਹੋਣ ਵਾਲੇ ਜਵਾਨਾਂ ਦੀ ਗਿਣਤੀ ਵੀ ਵਧਦੀ ਰਹੀ ਹੈ। ਪੁਲਿਸ ਵਿਚ ਜਵਾਨਾਂ ਦੀ ਵੱਧ ਤੋਂ ਵੱਧ ਭਰਤੀ ਕਰਨ ਲਈ ਸਰਕਾਰ ਨੇ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਜਿਨ੍ਹਾਂ ਵਿਚੋਂ ਇਕ ਵੱਡਾ ਫੈਸਲਾ ਨੌਜਵਾਨਾਂ ਦੇ ਸੀਨੇ ਨਾ ਮਾਪਣ ਦਾ ਲਿਆ ਗਿਆ ਹੈ। ਫੌਜ ਦੀ ਭਰਤੀ ਵਿਚ ਵੀ ਕੱਦ ਤੇ ਸੀਨਾ ਮਾਪਣ ਦਾ ਜੋ ਨਿਯਮ ਹੈ, ਉਹ ਅੱਜ ਤੱਕ ਲਾਗੂ ਵੀ ਹੋ ਰਿਹਾ ਹੈ। ਪੰਜਾਬ ਪੁਲਿਸ ਨੇ ਸੀਨਾ ਮਾਪਣ ਦੀ ਪ੍ਰੀਖਿਆ ਵਿਚ ਜਵਾਨਾਂ ਨੂੰ ਛੋਟ ਹੀ ਦੇ ਦਿੱਤੀ ਹੈ। ਸਾਬਕਾ ਪੁਲਿਸ ਮੁਲਾਜ਼ਮ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲੇ ਸਮੇਂ ਦੇ ਗੱਭਰੂਆਂ ਤੇ ਅੱਜ ਦੇ ਜਵਾਨਾਂ ਵਿਚ ਸਰੀਰਕ ਪੱਖੋਂ ਜ਼ਮੀਨ ਆਸਮਾਨ ਦਾ ਫਰਕ ਹੈ। ਵੱਖ-ਵੱਖ ਭਰਤੀਆਂ ਦੌਰਾਨ ਜ਼ਿਆਦਾਤਰ ਨੌਜਵਾਨਾਂ ਦੇ ਸੀਨੇ ਦੀ ਚੌੜਾਈ ਤੈਅ ਨਿਯਮਾਂ ‘ਤੇ ਖਰੀ ਨਹੀਂ ਉਤਰਦੀ, ਜਿਸ ਨੂੰ ਵੇਖਦਿਆਂ ਇਸ ਪੜਾਅ ਨੂੰ ਹੀ ਖਤਮ ਕਰ ਦਿੱਤਾ ਗਿਆ ਹੈ।
ਭਰਤੀ ਸੌਖੀ ਕਰਨ ਲਈ ਲਿਆ ਸੀ ਫੈਸਲਾ : ਐਸਐਸਪੀ
ਐਸਐਸਪੀ ਗੁਰਮੀਤ ਸਿੰਘ ਚੌਹਾਨ ਅਨੁਸਾਰ 2009 ਤੋਂ ਬਾਅਦ ਪੁਲਿਸ ਭਰਤੀ ਵਿਚ ਸੀਨੇ ਦੀ ਮਿਣਤੀ ਨੂੰ ਬੰਦ ਕਰ ਦਿੱਤਾ ਗਿਆ ਹੈ। ਭਰਤੀ ਵਿਚ ਨਿਯਮਾਂ ਨੂੰ ਸੌਖਾ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਸੀ।  2009 ਤੋਂ ਬਾਅਦ ਵੀ ਪੁਲਿਸ ਭਰਤੀ ਹੋਈ ਸੀ ਤੇ ਉਸ ਸਮੇਂ ਤੋਂ ਹੀ ਸੀਨਾ ਮਾਪਣਾ ਬੰਦ ਕੀਤਾ ਗਿਆ ਹੈ।
ਚੰਗੀ ਖੁਰਾਕ ਤੇ ਖੇਡਾਂ ਤੋਂ ਦੂਰੀ ਨੇ ਵਿਗਾੜੀ ਫਿਟਨੈਸ : ਡਾ. ਕੌਸ਼ਲ
ਮੈਡੀਸਨ ਦੇ ਮਾਹਰ ਡਾ. ਸਚਿਨ ਕੌਸ਼ਲ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਪੜ੍ਹਾਈ ਦਾ ਬੋਝ ਵਧਿਆ ਹੈ ਤੇ ਨੌਜਵਾਨਾਂ ਦਾ ਮੈਦਾਨ ਵੱਲ ਰੁਝਾਨ ਘਟਿਆ ਹੈ। ਚੰਗੀ ਖੁਰਾਕ ਦੀ ਬਜਾਏ ਅੱਜ ਦਾ ਨੌਜਵਾਨ ‘ਜੰਕ ਫੂਡ’ ਨੂੰ ਤਰਜੀਹ ਦੇ ਰਿਹਾ ਹੈ, ਜਿਸ ਕਾਰਨ ਉਸਦੀ ਸਰੀਰਕ ਫਿਟਨੈਸ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਚੰਗੀ ਖੁਰਾਕ ਤੇ ਖੇਡਾਂ ਤੋਂ ਦੂਰ ਹੋਣ ਕਾਰਨ ਨੌਜਵਾਨ ਸਿਹਤ ਪੱਖੋਂ ਕਮਜ਼ੋਰ ਹੁੰਦੇ ਜਾ ਰਹੇ ਹਨ।

RELATED ARTICLES
POPULAR POSTS