ਜਬਰ ਜਨਾਹ ਦੇ ਮਾਮਲੇ ‘ਚ ਘਿਰੇ ਹੋਏ ਹਨ ਬੈਂਸ
ਲੁਧਿਆਣਾ : ਜਬਰ-ਜਨਾਹ ਮਾਮਲੇ ‘ਚ ਭਗੌੜੇ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਖਰ ਤਿੰਨ ਮਹੀਨਿਆਂ ਬਾਅਦ ਸੋਮਵਾਰ ਨੂੰ ਆਪਣੇ ਸਾਥੀਆਂ ਸਣੇ ਲੁਧਿਆਣਾ ਦੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਕਮਿਸ਼ਨਰੇਟ ਪੁਲਿਸ ਨੇ ਪੂਰੀ ਯੋਜਨਾ ਬਣਾ ਰੱਖੀ ਸੀ ਕਿ ਜਦੋਂ ਵੀ ਸਾਬਕਾ ਵਿਧਾਇਕ ਆਪਣੇ ਸਾਥੀਆਂ ਨਾਲ ਅਦਾਲਤ ਪੁੱਜੇਗਾ ਤਾਂ ਉਸ ਨੂੰ ਬਾਹਰੋਂ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰ ਬੈਂਸ ਭਰਾ ਕਿਸੇ ਤਰ੍ਹਾਂ ਸਿੱਧਾ ਲੁਧਿਆਣਾ ਅਦਾਲਤ ਵਿੱਚ ਪੁੱਜ ਗਏ। ਬੈਂਸ ਨੇ ਅਦਾਲਤ ‘ਚ ਪੁੱਜ ਕੇ ਆਤਮ ਸਮਰਪਣ ਕਰਨ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਪੁੱਜ ਗਏ। ਪੁਲਿਸ ਅਧਿਕਾਰੀਆਂ ਨੇ ਅਦਾਲਤ ਅੱਗੇ ਸਾਰੇ ਦਸਤਾਵੇਜ਼ ਪੇਸ਼ ਕਰਦਿਆਂ ਮੁਲਜ਼ਮਾਂ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਪਰ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਣੇ ਸਾਰੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ।
ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਮਾਮਲੇ ‘ਚ ਮੋਬਾਈਲ ਤੇ ਹੋਰ ਜ਼ਰੂਰੀ ਸਾਮਾਨ ਬਰਾਮਦ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਇੱਕ ਮਹਿਲਾ ਨਾਲ ਜਬਰ ਜਨਾਹ ਦੇ ਮਾਮਲੇ ‘ਚ ਤਿੰਨ ਮਹੀਨਿਆਂ ਤੋਂ ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਪੰਮਾ ਬੈਂਸ, ਸੁਖਚੈਨ ਸਿੰਘ, ਪ੍ਰਦੀਪ ਸ਼ਰਮਾ, ਬਲਜਿੰਦਰ ਕੌਰ ਤੇ ਜਸਬੀਰ ਕੌਰ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਸੀ।
ਧਿਆਨ ਰਹੇ ਕਿ ਸਿਮਰਜੀਤ ਸਿੰਘ ਬੈਂਸ ਨੇ ਆਪਣੇ 4 ਸਾਥੀਆਂ ਸਮੇਤ 3 ਦਿਨ ਪਹਿਲਾਂ ਲੁਧਿਆਣਾ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਅਦਾਲਤ ਤੋਂ ਬੈਂਸ ਅਤੇ 4 ਹੋਰ ਆਰੋਪੀਆਂ ਪਰਮਜੀਤ ਸਿੰਘ ਪੰਮਾ, ਪ੍ਰਦੀਪ ਸ਼ਰਮਾ ਗੋਗੀ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਉਰਫ਼ ਭਾਬੀ ਦਾ ਪੁਲਿਸ ਨੂੰ ਅੱਜ ਰਿਮਾਂਡ ਮਿਲ ਗਿਆ। ਬੈਂਸ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਪੱਤਰਕਾਰਾਂ ਨੂੰ ਪੁਲਿਸ ਨੇ ਕੋਰਟ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ। ਅਦਾਲਤ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਫੋਰਸ ਲਗਾਈ ਗਈ ਸੀ।
ਸਿਆਸੀ ਰੰਜਿਸ਼ ਤਹਿਤ ਫਸਾਇਆ ਗਿਆ, ਦੋਸ਼ ਬੇਬੁਨਿਆਦ : ਬੈਂਸ
ਲੁਧਿਆਣਾ : ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਸੀ ਰੰਜਿਸ਼ ਤਹਿਤ ਫਸਾਇਆ ਗਿਆ ਹੈ। ਉਨ੍ਹਾਂ ‘ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਵਾਲੇ ਇੱਕ ਦਿਨ ਖ਼ੁਦ ਸੱਚਾਈ ਬਿਆਨ ਕਰਨਗੇ। ਬੈਂਸ ਨੇ ਬਾਦਲ ਪਰਿਵਾਰ ‘ਤੇ ਵਰ੍ਹਦਿਆਂ ਕਿਹਾ ਕਿ ਇਸ ਪਿੱਛੇ ਉਨ੍ਹਾਂ ਦਾ ਹੱਥ ਹੈ। ਬੈਂਸ ਨੇ ਕਿਹਾ ਕਿ ਜਬਰ-ਜਨਾਹ ਦਾ ਦੋਸ਼ ਲਾਉਣ ਵਾਲੀ ਮਹਿਲਾ ਨੂੰ ਵੀ ਅਕਾਲੀ ਆਗੂਆਂ ਦੀ ਹਮਾਇਤ ਹੈ। ਉਨ੍ਹਾਂ ਅਦਾਲਤ ‘ਤੇ ਭਰੋਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਨਸਾਫ ਮਿਲੇਗਾ।