ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਹੈ ਕਿ ਸੂਬੇ ਵਿਚ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਰੋਕੂ ਟੀਕੇ ਲੱਗਣ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਰਾਜ ਕੋਲ ਟੀਕਿਆਂ ਦੀ ਘਾਟ ਹੈ। ਮੰਤਰੀ ਨੇ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਵਾਲਿਆਂ ਲਈ ਟੀਕਾ ਮੁਹਿੰਮ 1 ਮਈ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਸੂਬੇ ਨੂੰ ਲੋੜ ਮੁਤਾਬਕ ਟੀਕੇ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਰਾਜ ਕੋਲ ਸਟਾਫ ਹੈ ਅਤੇ ਟੀਕਾਕਰਨ ਲਈ ਬੁਨਿਆਦੀ ਢਾਂਚਾ ਹੈ ਪਰ ਟੀਕੇ ਨਹੀਂ ਹਨ। ਉਨ੍ਹਾਂ ਕਿਹਾ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨੀ ਮੁਸ਼ਕਲ ਹੈ। ਇਸਦੇ ਚੱਲਦਿਆਂ ਬਠਿੰਡਾ ਵਿਚ ਆਕਸੀਜਨ ਦੀ ਘਾਟ ਕਾਰਨ ਪ੍ਰਾਈਵੇਟ ਹਸਪਤਾਲਾਂ ਨੇ ਨਵੇਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਧਿਆਨ ਰਹੇ ਕਿ ਲੰਘੇ ਕੱਲ੍ਹ ਬਠਿੰਡਾ ਵਿਚ ਪ੍ਰਾਈਵੇਟ ਹਸਪਤਾਲਾਂ ਨੇ ਕਰੀਬ 20 ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਕਰਕੇ ਹਸਪਤਾਲਾਂ ‘ਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।