9.4 C
Toronto
Friday, November 7, 2025
spot_img
Homeਪੰਜਾਬਸੁਖਬੀਰ ਬਾਦਲ ਨੇ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀ...

ਸੁਖਬੀਰ ਬਾਦਲ ਨੇ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੰਗੀ ਮੁਆਫੀ

ਸ਼੍ਰੋਮਣੀ ਅਕਾਲੀ ਦਲ ਨੇ ਮਨਾਇਆ ਆਪਣਾ 103ਵਾਂ ਸਥਾਪਨਾ ਦਿਵਸ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਜੀ ਖ਼ਾਲਸਾ ਨਿਹੰਗ ਸਿੰਘ (ਅੰਮ੍ਰਿਤਸਰ) ਵਿਖੇ ਆਪਣੀ ਪਾਰਟੀ ਦਾ 103ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖ਼ੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਬਦ ਕੀਰਤਨ ਵੀ ਹੋਇਆ। ਇਸੇ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਉਹ ਮੁਆਫੀ ਮੰਗਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੇਕਰ ਕਿਸੇ ਦਾ ਵੀ ਮਨ ਦੁਖੀ ਹੋਇਆ ਹੋਵੇ, ਹਰ ਉਸ ਕਾਰਵਾਈ ਲਈ ਉਹ ਮੁਆਫੀ ਮੰਗਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪੂਰੀ ਜ਼ਿੰਦਗੀ ਅਫ਼ਸੋਸ ਰਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦੇ ਹੋਏ ਹੋਈਆਂ ਬੇਅਦਬੀਆਂ ਮੌਕੇ ਅਜਿਹੇ ਹਾਲਾਤ ਬਣੇ ਕਿ ਮਾਮਲਾ ਸੀਬੀਆਈ ਨੂੰ ਦੇਣਾ ਪਿਆ। ਉਹ ਆਰੋਪੀਆਂ ਨੂੰ ਫੜ ਨਾ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਰਾਜ ਸਮੇਂ ਬੇਅਦਬੀਆਂ ਹੋਈਆਂ ਉਸ ਦੇ ਲਈ ਉਹ ਮੁਆਫੀ ਮੰਗਦੇ ਹਨ। ਅਸੀਂ ਬੇਅਬਦੀ ਦੇ ਦੋਸ਼ੀਆਂ ਨੂੰ ਫੜ ਨਹੀਂ ਸਕੇ ਉਸ ਦੇ ਲਈ ਵੀ ਮੁਆਫ਼ੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਅਸਲ ਦੋਸ਼ੀਆਂ ਅਤੇ ਇਸ ‘ਤੇ ਸਿਆਸਤ ਕਰਨ ਵਾਲਿਆਂ ਦੀਆਂ ਸ਼ਕਲਾਂ ਨੂੰ ਵੀ ਕੌਮ ਦੇ ਸਾਹਮਣੇ ਲਿਆਵਾਂਗੇ। ਸੁਖਬੀਰ ਬਾਦਲ ਨੇ ਇਸ ਮੌਕੇ ਇਕੱਤਰ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਮੂਹ ਪੰਥਕ ਧਿਰਾਂ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਇਸ ਸਮਾਗਮ ਵਿਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਹੋਰ ਸੀਨੀਅਰ ਅਕਾਲੀ ਆਗੂ ਅਤੇ ਪਾਰਟੀ ਵਰਕਰ ਮੌਜੂਦ ਸਨ।

RELATED ARTICLES
POPULAR POSTS