ਜਥੇਦਾਰ ਕੁਲਵੰਤ ਸਿੰਘ ਦਾ ਨਾਮ ਪਹਿਲੇ ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਨਾਂ ਦੂਜੇ ਸਥਾਨ ‘ਤੇ ਦਰਜ
ਅੰਮ੍ਰਿਤਸਰ/ਬਿਊਰੋ ਨਿਊਜ਼ : ਯੂਕੇ ਦੀ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ ਜਾਰੀ ‘ਦਿ ਸਿੱਖਸ 100’ ਸੂਚੀ ਦੇ ਤਾਜ਼ਾ 11ਵੇਂ ਅਡੀਸ਼ਨ ਵਿੱਚ ਸੰਸਾਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ ਦਰਜ ਕੀਤਾ ਗਿਆ ਹੈ।
ਸੰਸਥਾ ਵੱਲੋਂ ਸਾਲ 2022 ਦੀ ਜਾਰੀ ਕੀਤੀ ਸੂਚੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 2022 ਵਿੱਚ ਵਿਸ਼ਵ ਪੱਧਰ ‘ਤੇ ਪ੍ਰਭਾਵਸ਼ਾਲੀ 100 ਸਿੱਖਾਂ ‘ਚੋਂ ਤੀਜੇ ਸਥਾਨ ‘ਤੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੌਥੇ ਸਥਾਨ ‘ਤੇ ਹਨ।
ਇਸ ਸੂਚੀ ‘ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਸਥਾਨ ‘ਤੇ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਦਰਜ ਹੈ। ਲੰਡਨ ਤੋਂ ‘ਦਿ ਸਿੱਖ ਗਰੁੱਪ’ ਦੇ ਸੰਸਥਾਪਕ ਨਵਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਸੂਚੀ ਵਿੱਚ 2.6 ਕਰੋੜ ਸਿੱਖਾਂ ‘ਚੋਂ ਵਿਸ਼ਵ ਦੇ 100 ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਨੂੰ ਚੁਣਿਆ ਗਿਆ ਹੈ। ਇਸ ਸੂਚੀ ਵਿੱਚ ਥਾਂ ਪਾਉਣ ਵਾਲੇ ਹੋਰਾਂ ਸਿੱਖਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਨੇਡਾ ਦੇ ਰੱਖਿਆ ਮੰਤਰੀ ਅਤੇ ਸੰਸਦ ਮੈਂਬਰ ਹਰਜੀਤ ਸਿੰਘ ਸੱਜਣ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਖਾਲਸਾ ਏਡ ਦੇ ਆਗੂ ਰਵੀ ਸਿੰਘ, ਪੰਜਾਬੀ ਗਾਇਕ ਦਿਲਜੀਤ ਦੁਸਾਂਝ ਆਦਿ ਦੇ ਨਾਂ ਸ਼ਾਮਲ ਹਨ।