Breaking News
Home / ਪੰਜਾਬ / ਪਰਵੀਨ ਸੰਧੂ ਦੀ ਕਿਤਾਬ ‘ਮਾਂ ਦਾ ਪੁਨਰ-ਜਨਮ’ ਲੋਕ ਅਰਪਣ

ਪਰਵੀਨ ਸੰਧੂ ਦੀ ਕਿਤਾਬ ‘ਮਾਂ ਦਾ ਪੁਨਰ-ਜਨਮ’ ਲੋਕ ਅਰਪਣ

ਮਾਂ-ਮਾਂ ਤਾਂ ਹੈ ਹੀ , ਪਹਿਲੀ ਗੁਰੂ ਵੀ ਹੁੰਦੀ ਹੈ : ਡਾ. ਜਸਵਿੰਦਰ ਭੱਲਾ
ਪਰਵੀਨ ਦੀ ਕਿਤਾਬ ਛੇਤੀ ਹੀ ਸਕਰੀਨ ’ਤੇ ਫ਼ਿਲਮ ਬਣ ਨਜ਼ਰ ਆਵੇਗੀ : ਬਾਲ ਮੁਕੰਦ ਸ਼ਰਮਾ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੀ ਐਸ ਆਰਟਸ ਐਂਡ ਕਲਚਰ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪਰਵੀਨ ਸੰਧੂ ਦੀ ਪਲੇਠੀ ਕਿਤਾਬ ‘ਮਾਂ ਦਾ ਪੁਨਰ-ਜਨਮ’ ਲੋਕ ਅਰਪਣ ਕੀਤੀ ਗਈ। ਲੋਕ ਅਰਪਣ ਦੀ ਰਸਮ ਨਾਮੀ-ਗਰਾਮੀ ਫ਼ਿਲਮੀ ਅਦਾਕਾਰ ਡਾ. ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦੀ ਅਗਵਾਈ ਹੇਠ ਹੋਈ। ਸਭ ਤੋਂ ਪਹਿਲਾਂ ਜਿੱਥੇ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸਵਾਗਤੀ ਸ਼ਬਦਾਂ ਦੇ ਨਾਲ-ਨਾਲ ਪਰਵੀਨ ਸੰਧੂ ਦੀ ਜਾਣ-ਪਹਿਚਾਣ ਕਰਵਾਈ ਉਥੇ ਹੀ ਕਿਤਾਬ ’ਤੇ ਪਰਚਾ ਪੇਸ਼ ਕਰਦਿਆਂ ਮਨਜੀਤ ਕੌਰ ਮੀਤ ਹੁਰਾਂ ਨੇ ਕਿਤਾਬ ਦੀਆਂ ਬਰੀਕੀਆਂ ਸਾਹਮਣੇ ਲਿਆਂਦੀਆਂ ਤੇ ਲੋਕਾਂ ਨੂੰ ਕਿਤਾਬ ਪੜ੍ਹਨ ਦੀ ਚੇਟ ਲਾ ਦਿੱਤੀ।
ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਡਾ. ਜਸਵਿੰਦਰ ਭੱਲਾ ਨੇ ਆਖਿਆ ਕਿ ਮਾਂ-ਮਾਂ ਤਾਂ ਹੁੰਦੀ ਹੈ, ਉਹ ਸਭ ਤੋਂ ਪਹਿਲੀ ਸਾਡੀ ਗੁਰੂ ਵੀ ਹੁੰਦੀ ਹੈ। ਜਸਵਿੰਦਰ ਭੱਲਾ ਹੁਰਾਂ ਨੇ ਜਿੱਥੇ ਪਰਵੀਨ ਸੰਧੂ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਹਾਸੇ-ਠੱਠੇ ਵਾਲੇ ਕਿੱਸੇ ਛੋਹਣ ਦੇ ਨਾਲ-ਨਾਲ ਗੰਭੀਰ ਹੁੰਦਿਆਂ ਕਿਹਾ ਕਿ ਅੱਜ ਜੇ ਮੈਂ ਕਲਾਕਾਰ ਬਣਿਆ ਹਾਂ, ਉਹ ਮਾਂ ਸਦਕਾ ਹੀ ਹਾਂ, ਮਾਂ ਮੈਨੂੰ ਹਮੇਸ਼ਾ ਹੀ ਸਟੇਜ ’ਤੇ ਜਾਣ ਲਈ ਪ੍ਰੇਰਦੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਗੁਰਭਜਨ ਗਿੱਲ ਅਕਸਰ ਆਖਦਾ ਹੁੰਦਾ ਹੈ ਕਿ ਭੱਲਿਆ ਤੇੇਰੇ 27 ਛਣਕਾਟੇ ਆ ਗਏ ਹਨ, ਇਨ੍ਹਾਂ ਨੂੰ 27 ਕਿਤਾਬਾਂ ਵਿਚ ਤਬਦੀਲ ਕਰ ਦਿਓ। ਇਸੇ ਤਰ੍ਹਾਂ ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਨਾਮਚਿੰਨ੍ਹ ਕਲਾਕਾਰ ਬਾਲ ਮੁਕੰਦ ਸ਼ਰਮਾ ਨੇ ਜਿੱਥੇ ਕਿਤਾਬ ਦੇ ਲੇਖਕ ਨੂੰ ਵਧਾਈ ਦਿੱਤੀ, ਉਥੇ ਹੀ ਪਰਵੀਨ ਦੀ ਮਾਤਾ ਬੀਬੀ ਦਵਿੰਦਰ ਕੌਰ ਸੰਧੂ ਜੋ ਮੰਚ ’ਤੇ ਮੌਜੂਦ ਸਨ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਤੁਹਾਡੀ ਸਹੀ ਸਿੱਖਿਆ ਨੇ ਹੀ ਪਰਵੀਨ ਨੂੰ ਅੱਗੇ ਵਧਾਇਆ ਹੈ। ਬਾਲ ਮੁਕੰਦ ਸ਼ਰਮਾ ਨੇ ਕਿਤਾਬ ਦੀ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਪਰਵੀਨ ਦੀ ਇਹ ਕਿਤਾਬ ਛੇਤੀ ਹੀ ਸਕਰੀਨ ’ਤੇ ਫਿਲਮ ਦੇ ਰੂਪ ਵਿਚ ਨਜ਼ਰ ਆਵੇਗੀ।
ਆਪਣੀ ਕਿਤਾਬ ਦੀ ਘਾਲਣਾ ਦਾ ਜ਼ਿਕਰ ਕਰਦਿਆਂ ਪਰਵੀਨ ਸੰਧੂ ਹੁਰਾਂ ਨੇ ਕਿਹਾ ਕਿ ਸਾਡੀ ਮਾਂ ਉਸ ਅਣਡਿੱਠੇ ਸੰਸਾਰ ’ਚੋਂ ਦੁਆਵਾਂ ਸਦਕਾ ਮੁੜ ਆਈ ਤੇ ਫਿਰ ‘ਮਾਂ ਦਾ ਪੁਨਰ-ਜਨਮ’ ਕਿਤਾਬ ਦੀ ਸਿਰਜਣਾ ਹੋ ਗਈ। ਇਸੇ ਤਰ੍ਹਾਂ ਕਿਤਾਬ ਬਾਰੇ ਸੇਵੀ ਰਾਇਤ ਹੁਰਾਂ ਨੇ ਵੀ ਆਪਣੇ ਸੁਚੱਜੇ ਵਿਚਾਰ ਪ੍ਰਗਟਾਏ ਜਦੋਂਕਿ ਪ੍ਰੀਤ ਸੰਘਰੇੜੀ ਨੇ ਜਸਵਿੰਦਰ ਭੱਲਾ ਹੁਰਾਂ ਨੂੰ ਉਨ੍ਹਾਂ ਦੇ ਜੀਵਨ ’ਤੇ ਲਿਖਿਆ ਕਾਵਿ ਚਿੱਤਰ ਵੀ ਭੇਂਟ ਕੀਤਾ। ਇਸ ਮੌਕੇ ਸਮੁੱਚੇ ਮਹਿਮਾਨਾਂ ਦਾ ਫੁੱਲਾਂ ਨਾਲ ਤੇ ਸ਼ਾਲ ਭੇਂਟ ਕਰਕੇ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੇ ਦੂਜੇ ਪੜਾਅ ਦੌਰਾਨ ਕਵੀ ਦਰਬਾਰ ਵੀ ਸਜਿਆ ਜਿਸ ਵਿਚ ਸਿਰੀਰਾਮ ਅਰਸ਼, ਗੁਰਦਰਸ਼ਨ ਮਾਵੀ, ਤੇਜਾ ਸਿੰਘ ਥੂਹਾ, ਦਰਸ਼ਨ ਸਿੱਧੂ, ਮਲਕੀਤ ਨਾਗਰਾ, ਬਲਜਿੰਦਰ ਸਿੰਘ ਢਿੱਲੋਂ, ਪੰਮੀ ਸਿੱਧੂ, ਸਤਵੀਰ ਕੌਰ, ਜਗਦੀਪ ਨੂਰਾਨੀ, ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਗਰੇਵਾਲ, ਸੇਵੀ ਰਾਇਤ, ਪ੍ਰੀਤ ਸੰਘਰੇੜੀ, ਧਿਆਨ ਸਿੰਘ ਕਾਹਲੋਂ, ਆਸ਼ਿਮਾ, ਸੁਨੀਤਾ ਸੈਣੀ, ਸ਼ਾਇਰ ਭੱਟੀ, ਰਜਿੰਦਰ ਰੇਣੂ, ਦਰਸ਼ਨ ਤਿ੍ਰਊਣਾ ਤੇ ਕਰਮਜੀਤ ਬੱਗਾ ਹੁਰਾਂ ਨੇ ਆਪੋ-ਆਪਣੀਆਂ ਨਜ਼ਮਾਂ, ਗੀਤਾਂ ਤੇ ਕਵਿਤਾਵਾਂ ਨਾਲ ਮਹਿਫ਼ਲ ਵਿਚ ਰੰਗ ਭਰ ਦਿੱਤਾ। ਇਸ ਮੌਕੇ ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਮਨਜੀਤ ਕੌਰ ਮੀਤ, ਪਰਮਜੀਤ ਪਰਮ, ਭੁਪਿੰਦਰ ਮਲਿਕ, ਪਰਮਿੰਦਰ ਪਾਲ ਸੰਧੂ, ਮੈਡਮ ਰਾਖੀ, ਅਰਸ਼ਦੀਪ ਸੰਧੂ, ਰਾਜਦੀਪ ਕੌਰ, ਲਾਲੀ, ਪ੍ਰਭਜੋਤ ਕੌਰ ਢਿੱਲੋਂ, ਸੰਜੀਵਨ ਸਿੰਘ ਸਣੇ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ ਅਤੇ ਪਰਵੀਨ ਸੰਧੂ ਦੇ ਨਜ਼ਦੀਕੀ ਮਿੱਤਰ ਤੇ ਪਰਿਵਾਰਕ ਮੈਂਬਰ ਸ਼ਾਮਲ ਸਨ। ਸਮਾਗਮ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਬਡਰੁੱਖਾਂ ਪਹੁੰਚ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ

ਸ਼ੋ੍ਰਮਣੀ ਅਕਾਲੀ ਦਲ ’ਤੇ ਵੀ ਕਸਿਆ ਤੰਜ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅੱਜ …