ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਵੱਖ ਹੋਣਾ ਚਾਹੁੰਦੇ ਹਨ ਰਾਵਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਣ ਦੇ ਨੇੜੇ ਪਹੁੰਚ ਚੁੱਕਾ ਹੈ ਅਤੇ ਹੁਣ ਸੂਬੇ ਦੇ ਕਾਂਗਰਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਆਪਣੀ ਜ਼ਿੰਮੇਵਾਰੀ ਤੋਂ ਵੱਖ ਹੋਣਾ ਚਾਹੁੰਦੇ ਹਨ। ਹਰੀਸ਼ ਰਾਵਤ ਦਾ ਮੰਨਣਾ ਹੈ ਕਿ 2022 ਵਿਚ ਉਤਰਾਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਉਨ੍ਹਾਂ ਦੀ ਜ਼ਰੂਰਤ ਹੈ। ਧਿਆਨ ਰਹੇ ਕਿ ਹਰੀਸ਼ ਰਾਵਤ ਉਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਰਾਵਤ ਹੁਣ ਆਪਣੇ ਦਿਲ ਦੀ ਗੱਲ ਲੈ ਕੇ ਕੇਂਦਰੀ ਹਾਈਕਮਾਨ ਕੋਲ ਪਹੁੰਚਣ ਵਾਲੇ ਹਨ। ਹਰੀਸ਼ ਰਾਵਤ ਦਾ ਪੰਜਾਬ ਦੀ ਸਿਆਸਤ ’ਚੋਂ ਵਾਪਸ ਜਾਣ ਦਾ ਕਾਰਨ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਦੱਸਿਆ ਜਾ ਰਿਹਾ ਹੈ। ਕਾਂਗਰਸ ਦੇ ਕੌਮੀ ਮੁੱਖ ਸਕੱਤਰ ਅਤੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅੱਜ ਕੱਲ੍ਹ ਕਾਂਗਰਸ ’ਚ ਚੱਲ ਰਹੇ ਕਲੇਸ਼ ਨੂੰ ਸੁਲਝਾਉਣ ਵਿਚ ਲੱਗੇ ਹੋਏ ਹਨ। ਇਸੇ ਕਰਕੇ ਉਹ ਆਪਣੇ ਗ੍ਰਹਿ ਸੂਬੇ ਉਤਰਾਖੰਡ ’ਤੇ ਧਿਆਨ ਨਹੀਂ ਦੇ ਰਹੇ, ਜਦਕਿ ਪੰਜਾਬ ਵਾਂਗ ਹੀ ਉਤਰਾਖੰਡ ਵੀ ਕਾਂਗਰਸ ਹਾਈਕਮਾਨ ਲਈ ਮਹੱਤਵਪੂਰਨ ਸੂਬਾ ਹੈ। ਇਸ ਦੇ ਚੱਲਦਿਆਂ ਉਹ ਉਤਰਾਖੰਡ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਸਮਾਂ ਦੇਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਸਤੰਬਰ 2020 ਵਿਚ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਬਣਾਇਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪਾਰਟੀ ਵਿਚ ਚੱਲ ਰਹੇ ਕਲੇਸ਼ ਨੂੰ ਸੰਭਾਲਣ ਦਾ ਕੰਮ ਕੀਤਾ। ਹੁਣ ਦੇਖਣਾ ਹੋਵੇਗਾ ਕਿ ਜੇਕਰ ਰਾਵਤ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਂਦੇ ਹਨ ਤਾਂ ਇਹ ਅਹੁਦਾ ਕਿਸ ਨੂੰ ਮਿਲੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …