ਪੰਚਾਇਤ ਮੰਤਰੀ ਵੱਲੋਂ ਖਾਲੀ ਕਰਵਾਈ ਗਈ ਜ਼ਮੀਨ ’ਤੇ ਹਾਈ ਕੋਰਟ ਨੇ ਲਗਾਈ ਸਟੇਅ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੁੱਲਾਂਪੁਰ ਨੇੜੇ ਲਗਭਗ 2800 ਏਕੜ ਖਾਲੀ ਕਰਵਾਈ ਜ਼ਮੀਨ ’ਤੇ ਹਾਈ ਕੋਰਟ ਨੇ ਸਟੇਅ ਲਗਾ ਦਿੱਤੀ। ਇਥੇ ਫੌਜਾ ਸਿੰਘ ਕੰਪਨੀ ਦੇ ਨਜਾਇਜ਼ ਕਬਜ਼ੇ ਵਿਚੋਂ ਲਗਭਗ 1200 ਏਕੜ ਜ਼ਮੀਨ ਖਾਲੀ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦੇ ਖਿਲਾਫ਼ ਉਹ ਹਾਈ ਕੋਰਟ ਚਲੇ ਗਏ ਸਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਦੇ ਵਕੀਲ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਜਿਸ ਤੋਂ ਬਾਅਦ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ। ਉਧਰ ਇਸ ਮਾਮਲੇ ’ਚ ਫੌਜਾ ਸਿੰਘ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਜ਼ਮੀਨ ਪੰਚਾਇਤ ਤੋਂ ਨਹੀਂ ਖਰੀਦੀ। ਉਨ੍ਹਾਂ ਤੋਂ ਪਹਿਲਾਂ ਕੋਈ ਹੋਰ ਵਿਅਕਤੀ ਇਸ ਜ਼ਮੀਨ ਦਾ ਮਾਲਕ ਸੀ, ਜਿਸ ਤੋਂ ਉਨ੍ਹਾਂ ਨੇ ਇਹ ਜ਼ਮੀਨ ਖਰੀਦੀ ਹੈ। ਇਹ ਪੰਚਾਇਤੀ ਜ਼ਮੀਨ ਹੈ ਇਸ ਸਬੰਧੀ ਸਰਕਾਰ ਪਹਿਲੇ ਮਾਲਕ ਕੋਲੋਂ ਪੁੱਛਗਿੱਛ ਕਰੇ। ਉਥੇ ਹੀ ਜ਼ਮੀਨ ਨੂੰ ਲੈ ਕੇ ਲੰਘੀ 8 ਜੂਨ ਨੂੰ ਕੋਈ ਆਰਡਰ ਹੋਇਆ ਸੀ ਪ੍ਰੰਤੂ ਉਸ ਦੀ ਕਾਪੀ ਕੰਪਨੀ ਨੂੰ ਨਹੀਂ ਦਿੱਤੀ ਗਈ, ਜਦੋਂ ਤੱਕ ਕੰਪਨੀ ਨੂੰ ਇਸ ਸਬੰਧੀ ਪਤਾ ਲੱਗਿਆ ਉਦੋਂ ਤੱਕ ਸਰਕਾਰ ਕਬਜ਼ਾ ਲੈ ਚੁੱਕੀ ਸੀ।