ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਪਟਨਾ/ਬਿਊਰੋ ਨਿਊਜ਼ : ਜਨਤਾ ਦਲ ਯੂਨਾਈਟਿਡ ਮੁਖੀ ਨਿਤਿਸ਼ ਕੁਮਾਰ ਨੇ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਨੇ ਵੀ ਬਿਹਾਰ ਦੇ ਉਪ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਨੇ ਰਾਜ ਭਵਨ ’ਚ ਸਮਾਰੋਹ ਦੌਰਾਨ ਨਿਤਿਸ਼ ਕੁਮਾਰ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਬਿਹਾਰ ਦੇ ਮੁੱਖ ਮੰਤਰੀ ਦੇ ਤੌਰ ’ਤੇ ਨਿਤਿਸ਼ ਕੁਮਾਰ ਨੇ ਹਿੰਦੀ ’ਚ ਈਸ਼ਵਰ ਦੇ ਨਾਮ ਦੀ ਸਹੁੰ ਚੁੱਕੀ। ਉਨ੍ਹਾਂ ਤੋਂ ਤੁਰੰਤ ਮਗਰੋਂ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਤੇਜਸਵੀ ਯਾਦਵ ਨੇ ਨਿਤਿਸ਼ ਕੁਮਾਰ ਦੇ ਪੈਰ ਛੂਹ ਕੇ ਉਨ੍ਹਾਂ ਕੋਲੋਂ ਅਸ਼ੀਰਵਾਦ ਲਿਆ। ਬੇਟੇ ਤੇਜਸਵ ੀ ਯਾਦਵ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਮਾਤਾ ਰਾਬੜੀ ਦੇਵੀ ਵੀ ਰਾਜਭਵਨ ਪਹੁੰਚੇ ਜਦਕਿ ਤੇਜਸਵੀ ਯਾਦਵ ਦੇ ਪਿਤਾ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਖਰਾਬ ਸਿਹਤ ਦੇ ਚਲਦਿਆਂ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ। ਜਦਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ ਲਾਲੂ ਯਾਦਵ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਸਿਆਸੀ ਸਮੀਕਰਨਾਂ ਸਬੰਧੀ ਤਾਜ਼ਾ ਜਾਣਕਾਰੀ ਦਿੱਤੀ। ਧਿਆਨ ਰਹੇ ਕਿ ਲੰਘੇ ਦਿਨੀਂ ਨਿਤਿਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ।