-0.2 C
Toronto
Thursday, December 25, 2025
spot_img
Homeਦੁਨੀਆਪਾਕਿਸਤਾਨ ਵਿਚ ਆਟੇ ਦੀ ਭਾਰੀ ਕਮੀ

ਪਾਕਿਸਤਾਨ ਵਿਚ ਆਟੇ ਦੀ ਭਾਰੀ ਕਮੀ

ਕਰਾਚੀ ’ਚ ਆਟੇ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੋਂ ਵੀ ਟੱਪੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਆਪਣੇ ਹੁਣ ਤੱਕ ਦੇ ਸਭ ਤੋਂ ਬੁਰੇ ਆਟੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਕਣਕ ਦੀ ਵੱਡੀ ਘਾਟ ਦੀ ਖ਼ਬਰ ਸਾਹਮਣੇ ਆਈ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਹਜ਼ਾਰਾਂ ਲੋਕ ਆਟੇ ਦੇ ਸਬਸਿਡੀ ਵਾਲੇ ਥੈਲੇ ਲੈਣ ਲਈ ਰੋਜ਼ਾਨਾ ਘੰਟੇ ਬਿਤਾਉਂਦੇ ਹਨ, ਜਿਨ੍ਹਾਂ ਦੀ ਪਹਿਲਾਂ ਹੀ ਬਾਜ਼ਾਰ ਵਿਚ ਸਪਲਾਈ ਘੱਟ ਹੈ। ਕਰਾਚੀ ਵਿਚ ਆਟਾ 140 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕ ਰਿਹਾ ਹੈ। ਇਸਲਾਮਾਬਾਦ ਅਤੇ ਪਿਸ਼ਾਵਰ ’ਚ 10 ਕਿਲੋ ਆਟੇ ਦਾ ਥੈਲਾ 1500 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦਕਿ 20 ਕਿਲੋਗ੍ਰਾਮ ਆਟੇ ਦਾ ਬੈਗ 2800 ਰੁਪਏ ’ਚ ਵਿਕ ਰਿਹਾ ਹੈ। ਪਾਕਿਸਤਾਨ ’ਚ ਪੈਂਦੇ ਪੰਜਾਬ ਸੂਬੇ ਵਿਚ ਮਿੱਲ ਮਾਲਕਾਂ ਨੇ ਆਟੇ ਦੀ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੋਚਿਸਤਾਨ ਦੇ ਖ਼ੁਰਾਕ ਮੰਤਰੀ ਜ਼ਮਰਕ ਅਚਕਜ਼ਈ ਨੇ ਕਿਹਾ ਹੈ ਕਿ ਸੂਬੇ ਵਿਚ ਕਣਕ ਦਾ ਭੰਡਾਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਲੋਚਿਸਤਾਨ ਨੂੰ ਤੁਰੰਤ 400,000 ਬੋਰੀ ਕਣਕ ਦੀ ਲੋੜ ਹੈ, ਨਹੀਂ ਤਾਂ ਸੰਕਟ ਹੋਰ ਤੇਜ਼ ਹੋਣ ਦੀ ਚਿਤਾਵਨੀ ਦਿੱਤੀ ਹੈ। ਇਸੇ ਤਰ੍ਹਾਂ ਖ਼ੈਬਰ ਪਖ਼ਤੂਨਖ਼ਵਾ ਵੀ ਆਟੇ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਇੱਥੇ 20 ਕਿਲੋਗ੍ਰਾਮ ਆਟੇ ਦਾ ਇਕ ਥੈਲਾ 3100 ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਸਰਕਾਰ ਕੀਮਤਾਂ ਨੂੰ ਰੋਕਣ ਵਿਚ ਅਸਫ਼ਲ ਰਹੀ ਹੈ। ਇਸਦੇ ਚੱਲਦਿਆਂ ਪਾਕਿਸਤਾਨ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਗਰੀਬੀ ਤੇ ਭੁੱਖਮਰੀ ਦੀ ਸਥਿਤੀ ਇਸ ਹੱਦ ਤਕ ਪਹੁੰਚ ਗਈ ਹੈ ਕਿ ਲਗਪਗ ਅੱਧੇ ਪਾਕਿਸਤਾਨੀ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਹੈ।

RELATED ARTICLES
POPULAR POSTS