Home / ਪੰਜਾਬ / ਗਾਜ਼ੀਪੁਰ ਬਾਰਡਰ ਦੀ ਸਟੇਜ ਤੋਂ ਬੀਬੀਆਂ ਵਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ

ਗਾਜ਼ੀਪੁਰ ਬਾਰਡਰ ਦੀ ਸਟੇਜ ਤੋਂ ਬੀਬੀਆਂ ਵਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ

ਕਿਹਾ, ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ‘ਚੋਂ ਲਾਂਭੇ ਹੋਣ ਲਈ ਕਰਾਂਗੇ ਮਜਬੂਰ
ਗਾਜ਼ੀਪੁਰ ਬਾਰਡਰ : ਗਾਜ਼ੀਪੁਰ ਬਾਰਡਰ ਦੀ ਸਟੇਜ ‘ਤੇ ਜਿੱਥੇ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ, ਉੱਥੇ ਹੀ ਉੱਤਰਾਂਚਲ ਅਤੇ ਉਤਰਾਖੰਡ ਤੋਂ ਆਈਆਂ ਸੂਬਾ ਪੱਧਰ ਦੀਆਂ ਕਿਸਾਨ ਆਗੂਆਂ ਬੀਬੀਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਨਵੇਂ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਵਾਪਸ ਨਾ ਲਏ ਤਾਂ ਕਿਸਾਨ ਸੰਘਰਸ਼ ਹੋਰ ਤੇਜ਼ ਕਰਕੇ ਸਰਕਾਰ ਨੂੰ ਸੱਤਾ ਤੋਂ ਲਾਂਭੇ ਹੋਣ ਲਈ ਮਜਬੂਰ ਕਰ ਦੇਣਗੇ। ਅਖਿਲ ਭਾਰਤੀ ਕਿਸਾਨ ਸਭਾ ਦੀ ਸੂਬਾ ਪ੍ਰਧਾਨ ਕਰਿਸ਼ਨਾ ਅਧਿਕਾਰੀ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਕਿਸਾਨ ਅੱਤ ਦੀ ਸਰਦੀ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ਲਾ ਕੇ ਮੌਤ ਦੇ ਮੂੰਹ ‘ਚ ਜਾ ਰਹੇ ਹਨ ਪਰ ਇਸ ਤੋਂ ਬੇਖ਼ਬਰ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਲੀਲ ਕਰਨ ‘ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਜੇਕਰ ਕੇਂਦਰ ਸਰਕਾਰ ਨੇ ਵਾਪਸ ਨਾ ਲਿਆ ਤਾਂ ਰੋਹ ‘ਚ ਆਏ ਕਿਸਾਨ ਇਸ ਨੂੰ ਸੱਤਾ ਤੋਂ ਲਾਂਭੇ ਹੋਣ ਲਈ ਮਜਬੂਰ ਕਰ ਦੇਣਗੇ। ਬੜੌਦਾ ਤੋਂ ਆਈ ਲਤਾ ਚੌਧਰੀ ਨੇ ਕਿਹਾ ਕਿ ਕਿਸਾਨਾਂ ਨੂੰ ‘ਅੰਦੋਲਨ ਪਰਜੀਵੀ’ ਕਹਿ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਆਜ਼ਾਦੀ ਲਈ ਅੰਦੋਲਨ ਕਰਕੇ ਲੱਖਾਂ ਤਸੀਹੇ ਝੱਲ ਕੇ ਸ਼ਹੀਦ ਹੋਣ ਵਾਲੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਗੁਜਰਾਤ ਤੋਂ ਆਏ ਮੰਜੂ ਬੈਨਪਾਲ ਨੇ ਕਿਹਾ ਕਿ ਗੁਜਰਾਤ ‘ਚ ਵੀ ਕਿਸਾਨ ਅਤੇ ਹਰ ਵਰਗ ਦੇ ਲੋਕ ਭਾਜਪਾ ਤੋਂ ਬੁਰੀ ਤਰ੍ਹਾਂ ਦੁਖੀ ਹੋ ਚੁੱਕੇ ਹਨ। ਦੇਸ਼ ਦੇ ਬਾਕੀ ਸੂਬਿਆਂ ਵਾਂਗ ਗੁਜਰਾਤ ਦੇ ਕਿਸਾਨ ਵੀ ਇਸ ਅੰਦੋਲਨ ‘ਚ ਸ਼ਾਮਿਲ ਹੋ ਚੁੱਕੇ ਹਨ। ਅੱਜ ਦੇ ਧਰਨੇ ਨੂੰ ਮਲੂਕ ਸਿੰਘ ਖਿੰਡਾ, ਖੀਪਾ ਚੰਦ ਜੋਸ਼ੀ ਪ੍ਰਧਾਨ ਇਨਕਲਾਬੀ ਮਜ਼ਦੂਰ ਏਕਤਾ, ਹਰੀ ਭਾਈ ਪਟੇਲ, ਅਮਰਜੀਤ ਸਿੰਘ ਸੁਲਤਾਨਪੁਰ ਲੋਧੀ ਤੋਂ ਇਲਾਵਾ ਤਾਮਿਲਨਾਡੂ ਤੋਂ ਆਏ ਕਿਸਾਨ ਆਗੂਆਂ ਵਲੋਂ ਵੀ ਸੰਬੋਧਨ ਕੀਤਾ ਗਿਆ।

ਕਿਸਾਨ ਮੋਰਚੇ ਨੇ ਲਿਆ ਫੈਸਲਾ : ਪੰਜਾਬ ਵਿਚ ਨਹੀਂ ਹੋਣਗੀਆਂ ਮਹਾਂ ਪੰਚਾਇਤਾਂ
ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਅੱਜ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਚ ਮਹਾਂਪੰਚਾਇਤਾਂ ਨਹੀਂ ਹੋਣਗੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਵਿਚ ਮਹਾਪੰਚਾਇਤਾਂ ਨਾ ਕਰਨ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ‘ਚ ਜਿਹੜੇ ਧਰਨੇ ਚੱਲ ਰਹੇ ਹਨ ਉਹ ਉਵੇਂ ਹੀ ਚੱਲਦੇ ਰਹਿਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਪਹੁੰਚਣ ਦਾ ਸੁਨੇਹਾ ਦਿੱਤਾ ਜਾਵੇਗਾ ਤਾਂ ਜੋ ਦਿੱਲੀ ਦੇ ਬਾਰਡਰਾਂ ‘ਤੇ ਮੁੜ ਇਕੱਠ ਹੋ ਸਕੇ। ਕਿਸਾਨਾਂ ਨੇ ਕਿਹਾ ਕਿ 18 ਫ਼ਰਵਰੀ ਨੂੰ 4 ਘੰਟੇ ਰੇਲਾਂ ਰੋਕੀਆਂ ਜਾਣਗੀਆਂ, ਜਿਸ ਨੂੰ ਲੈ ਕੇ ਵੱਡੇ ਪੱਧਰ ‘ਤੇ ਤਿਆਰੀਆਂ ਹੋ ਰਹੀਆਂ ਹਨ। ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਪੁਲਿਸ ਵੱਲੋਂ ਕੋਈ ਨੋਟਿਸ ਆਉਂਦਾ ਹੈ ਤਾਂ ਉਹ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾਂ ਦੀ ਟੀਮ ਨਾਲ ਸੰਪਰਕ ਕਰਨ। ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਲੜਾਈ ਲੰਬੀ ਹੈ ਤੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਮੁੱਖ ਮੋਰਚੇ ਰਹਿਣਗੇ।

Check Also

ਕੇਜਰੀਵਾਲ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ

ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ …