2.1 C
Toronto
Wednesday, November 12, 2025
spot_img
Homeਪੰਜਾਬਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਫਰੀਦਕੋਟ ਹਸਪਤਾਲ 'ਚ ਭੇਜੇ 200 ਗੱਦੇ

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਫਰੀਦਕੋਟ ਹਸਪਤਾਲ ‘ਚ ਭੇਜੇ 200 ਗੱਦੇ

ਪਰਵਾਸੀ ਪੰਜਾਬੀਆਂ ਨੇ ਵੀ ਹਸਪਤਾਲ ਵਿੱਚ ਲੋੜੀਂਦਾ ਸਾਮਾਨ ਭੇਜਣ ਦੀ ਹਾਮੀ ਭਰੀ
ਫਰੀਦਕੋਟ/ਬਿਊਰੋ ਨਿਊਜ਼ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ 200 ਗੱਦੇ ਭੇਟ ਕੀਤੇ ਹਨ। ਇਹ ਗੱਦੇ ਹਸਪਤਾਲ ਵਿੱਚ ਪਹੁੰਚਣ ਮਗਰੋਂ ਵੱਖ-ਵੱਖ ਵਾਰਡਾਂ ਵਿੱਚ ਭੇਜ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਸਿਹਤ ਮੰਤਰੀ ਨੇ 29 ਜੁਲਾਈ ਨੂੰ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਵਾਰਡਾਂ ਵਿੱਚ ਪਏ ਗੰਦੇ ਗੱਦਿਆਂ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਤਾੜਨਾ ਕੀਤੀ ਸੀ, ਜਿਸ ਮਗਰੋਂ ਵਾਈਸ ਚਾਂਸਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਵਿਵਾਦ ਭਖਣ ਤੋਂ ਬਾਅਦ ਵੀ ਗੰਦੇ ਗੱਦੇ ਨਾ ਬਦਲੇ ਜਾਣ ‘ਤੇ ਹੁਣ ਸਿਹਤ ਮੰਤਰੀ ਨੇ ਇਹ ਗੱਦੇ ਹਸਪਤਾਲ ਭਿਜਵਾਏ ਹਨ। ‘ਆਪ’ ਆਗੂ ਅਮਨਦੀਪ ਸਿੰਘ ਬਾਬਾ, ਗੁਰਤੇਜ ਸਿੰਘ ਖੋਸਾ, ਹੈਪੀ ਬਰਾੜ ਤੇ ਮਾਸਟਰ ਅਮਰਜੀਤ ਸਿੰਘ ਨੇ ਕਿਹਾ ਹੈ ਕਿ ਸਿਹਤ ਮੰਤਰੀ ਵੱਲੋਂ ਹਸਪਤਾਲ ਲਈ ਹੋਰ ਲੋੜੀਂਦੀ ਸਮੱਗਰੀ ਵੀ ਛੇਤੀ ਭੇਜਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਯੂਨੀਵਰਸਿਟੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ‘ਵਰਸਿਟੀ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਮਰੀਜ਼ਾਂ ਨੂੰ ਗੰਦੇ ਗੱਦਿਆਂ ‘ਤੇ ਪੈਣਾ ਪੈਂਦਾ ਹੈ। ਯੂਨੀਅਨ ਆਗੂਆਂ ਨੇ ਸਿਹਤ ਮੰਤਰੀ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੀਆਂ ਸਾਰੀਆਂ ਪ੍ਰਬੰਧਕੀ ਘਾਟਾਂ ਨੂੰ ਤੁਰੰਤ ਦੂਰ ਕੀਤਾ ਜਾਵੇ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਿਹਤ ਮੰਤਰੀ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਨੇ ਵੀ ਹਸਪਤਾਲ ਵਿੱਚ ਲੋੜੀਂਦਾ ਸਾਮਾਨ ਭੇਜਣ ਦੀ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ।

 

RELATED ARTICLES
POPULAR POSTS