ਮੁਹੱਰਮ ਯੌਮੇ ਆਸ਼ੂਰਾ ਮੌਕੇ ਸ਼ਹੀਦ-ਏ-ਕਰਬਲਾ ਕਾਨਫਰੰਸ ਕਰਵਾਈ
ਲੁਧਿਆਣਾ : ਲੁਧਿਆਣਾ ‘ਚ ਫੀਲਡ ਗੰਜ ਸਥਿਤ ਇਤਿਹਾਸਕ ਜਾਮਾ ਮਸਜਿਦ ਵਿੱਚ 10 ਮੁਹੱਰਮ ਯੌਮੇ ਆਸ਼ੂਰਾ ਮੌਕੇ ਸ਼ਹੀਦ-ਏ-ਕਰਬਲਾ ਕਾਨਫਰੰਸ ਕੀਤੀ ਗਈ। ਇਸ ਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤੀ।
ਸ਼ਾਹੀ ਇਮਾਮ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਮੁਸਲਮਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਕਰਬਲਾ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਆਸ਼ੂਰਾ ਦਾ ਦਿਨ ਬੜੀਆਂ ਹੀ ਬਰਕਤਾਂ ਅਤੇ ਰਹਿਮਤਾਂ ਵਾਲਾ ਹੈ। ਇਸ ਦਿਨ ਰੋਜ਼ਾ ਰੱਖਣਾ ਅੱਲ੍ਹਾ ਦੇ ਰਸੂਲ ਹਜ਼ਰਤ ਮੁਹੱਮਦ ਸਾਹਿਬ ਦੀ ਸੁੰਨਤ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਵੱਧ ਤੋਂ ਵੱਧ ਇਬਾਦਤ ਵਿਚ ਸਮਾਂ ਲਗਾਉਣਾ ਚਾਹੀਦਾ ਹੈ। ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿਰਫ਼ ਦਾਨ ਦੇ ਕੇ ਉਹ ਰੱਬ ਨੂੰ ਰਾਜ਼ੀ ਕਰ ਲੈਣਗੇ, ਉਹ ਗ਼ਲਤ ਹਨ।
ਉਨ੍ਹਾਂ ਕਿਹਾ ਕਿ ਕਰਬਲਾ ਦੇ ਮੈਦਾਨ ਵਿਚ ਹਜ਼ਰਤ ਇਮਾਮ ਹੁਸੈਨ ਸ਼ਹੀਦ ਨੇ ਇਨਸਾਨੀਅਤ ਨੂੰ ਜ਼ਾਲਿਮਾਂ ਖ਼ਿਲਾਫ਼ ਹੱਕ ਦੀ ਆਵਾਜ਼ ਬੁਲੰਦ ਕਰਨ ਦਾ ਉਹ ਸਬਕ ਦਿੱਤਾ ਹੈ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ। ਉਹ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਨੂੰ ਵੰਡਿਆ ਨਹੀਂ ਜਾ ਸਕਦਾ। ਸ਼ਾਹੀ ਇਮਾਮ ਨੇ ਇਸ ਮੌਕੇ ਦੇਸ਼ ਵਿਚ ਆਪਸੀ ਭਾਈਚਾਰੇ ਅਤੇ ਅਮਨ ਸ਼ਾਤੀ ਲਈ ਦੁਆ ਵੀ ਕਰਵਾਈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …